- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਜ ਦੇ ਖੇਡ ਸਟੇਡੀਅਮ ਵਿੱਚ ਬਲਾਕ ਪੱਧਰੀ ਸਪੋਰਟਸ ਮੀਟ ਆਯੋਜਿਤ ਕਰਵਾਈ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਬਲਿਕ ਕਾਲਜ ਸਮਾਣਾ ਦੀਆਂ ਐੱਨਐੱਸਐੱਸ ਯੂਨਿਟਾਂ ਵੱਲੋ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਚਲਾਏ ਜਾ ਰਹੇ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ ਤਹਿਤ ਕਾਲਜ ਦੇ ਖੇਡ ਸਟੇਡੀਅਮ ’ਚ ਬਲਾਕ ਪੱਧਰੀ ਸਪੋਰਟਸ ਮੀਟ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ.ਹਰਕੀਰਤ ਸਿੰਘ ਨੇ ਪ੍ਰੋਗਰਾਮ ਦੀ ਰਹਿਨੁਮਾਈ ਕਰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਕਤ ਮੰਤਵ ਲਈ ਪੂਰੇ ਪਟਿਆਲਾ ਜ਼ਿਲ੍ਹੇ ’ਚੋਂ ਪਬਲਿਕ ਕਾਲਜ ਸਮਾਣਾ ਨੂੰ ਚੁਣਿਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਪ੍ਰੇਰਨਾਦਾਇਕ ਲੈਕਚਰ ਦਿੱਤਾ ਤੇ ਭਾਰਤ ਨੂੰ ਨਸ਼ਾ ਮੁਕਤ ਕਰਨ, ਵੱਧ ਤੋਂ ਵੱਧ ਖੇਡਾਂ ’ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਸਪੋਰਟਸ ਮੀਟ ਦੌਰਾਨ ਰੱਸਾਕਸ਼ੀ, ਬੈਡਮਿੰਟਨ, ਲੰਮੀ ਛਾਲ, ਰੁਮਾਲ ਚੁੱਕਣਾ ਅਤੇ ਦੌੜਾਂ ਆਦਿ ਖੇਡਾਂ ਕਰਵਾਈਆਂ ਗਈਆਂ ਜਿੰਨ੍ਹਾਂ ’ਚ ਪਬਲਿਕ ਕਾਲਜ ਸਮਾਣਾ, ਪਬਲਿਕ ਕਾਲਜ ਆਫ਼ ਐਜੂਕੇਸ਼ਨ ਸਮਾਣਾ, ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਤੇ ਦਯਾਨੰਦ ਮਾਡਲ ਹਾਈ ਸਕੂਲ ਸਮਾਣਾ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਬਾਖ਼ੂਬੀ ਕੀਤੀ ਗਈ। ਇਸ ਮੌਕੇ ਪ੍ਰੋ. ਕੁਲਜੀਤ ਕੌਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਹਮਿਤ ਕੁਮਾਰ, ਪ੍ਰੋ. ਸ਼ੇਰ ਸਿੰਘ, ਪ੍ਰੋ. ਸ਼ੰਟੀ ਕੁਮਾਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਪਰਮਜੀਤ ਕੌਰ, ਮਲਕੀਤ ਸਿੰਘ, ਸੁਖਚੈਨ ਸਿੰਘ ਆਦਿ ਵੀ ਹਾਜ਼ਰ ਸਨ।