ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦਾ ਸ਼ਾਨਦਾਰ ਆਗਾਜ਼ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦਾ ਸਾ਼ਨਦਾਰ ਆਗਾਜ਼
Publish Date: Mon, 14 Sep 2026 05:30 PM (IST)
Updated Date: Mon, 14 Sep 2026 05:32 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਖੇਡ ਵਿਭਾਗ ਪਟਿਆਲਾ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਪੱਧਰੀ ਖੇਡਾਂ ਦੇ 8ਵੇਂ ਦਿਨ ਬਲਾਕ ਪਾਤੜਾਂ ਦੇ ਪਿੰਡ ਦੇਧਨਾ ਸਥਿਤ ਮੁੱਖ ਮੰਤਰੀ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਮੁਕਾਬਲਿਆਂ ਦਾ ਉਦਘਾਟਨ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਇਸ ਮੌਕੇ ਉਸ ਸਮੇਂ ਖੇਡ ਮੈਦਾਨ ’ਚ ਉਤਸ਼ਾਹ ਦਾ ਮਾਹੌਲ ਬਣ ਗਿਆ, ਜਦੋਂ ਵਿਧਾਇਕ ਬਾਜ਼ੀਗਰ ਮੁੱਖ ਮਹਿਮਾਨ ਵਜੋਂ ਕੁਰਸੀ ’ਤੇ ਬੈਠਣ ਦੀ ਬਜਾਏ ਖੁਦ ਵਾਲੀਬਾਲ ਦੇ ਮੈਦਾਨ ’ਚ ਉਤਰ ਆਏ। ਨੌਜਵਾਨ ਖਿਡਾਰੀਆਂ ਦਾ ਉਤਸ਼ਾਹ ਵੇਖਦਿਆਂ ਵਿਧਾਇਕ ਨੇ ਕੁੜਤੇ ਦੀਆਂ ਬਾਹਾਂ ਚੜ੍ਹਾ ਕੇ ਖਿਡਾਰੀਆਂ ਨਾਲ ਵਾਲੀਬਾਲ ਖੇਡੀ। ਉਨ੍ਹਾਂ ਵੱਲੋਂ ਲਗਾਈਆਂ ਗਈਆਂ ਜ਼ਬਰਦਸਤ ਸਮੈਸ਼ਾਂ ਅਤੇ ਸਰਵਿਸ ’ਤੇ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ। ਵਿਧਾਇਕ ਦੇ ਇਸ ਅੰਦਾਜ਼ ਨੇ ਖਿਡਾਰੀਆਂ ਵਿਚ ਨਵਾਂ ਜੋਸ਼ ਭਰ ਦਿੱਤਾ। ਵਿਧਾਇਕ ਬਾਜ਼ੀਗਰ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਕਸਰਤ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਵਿਚ ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਪੈਦਾ ਕਰਦੀਆਂ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲਿਆਂ ਰਾਹੀਂ ਪਿੰਡ ਪੱਧਰ ਦੀ ਪ੍ਰਤਿਭਾ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ। ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਵੱਖ-ਵੱਖ ਉਮਰ ਵਰਗਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਨਵਜੋਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਜੋਨਲ ਇੰਚਾਰਜ ਪਾਤੜਾਂ ਸਿੱਖਿਆ ਵਿਭਾਗ ਪਟਿਆਲਾ ਅਤੇ ਪਾਤੜਾਂ ਦੇ ਸਰਪੰਚ ਸੰਦੀਪ ਵੀ ਮੌਜੂਦ ਰਹੇ। ਖੇਡਾਂ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ ਖੇਡ ਵਿਭਾਗ ਦੇ ਕੋਚ ਕੰਵਲਦੀਪ ਸਿੰਘ, ਕੁਲਵਿੰਦਰ ਸਿੰਘ, ਪਰਦੀਪ ਕੁਮਾਰ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਸਤਵੀਰ ਮੰਡਾਰ, ਪਰਮਿੰਦਰ ਸਿੰਘ, ਧਨਵੰਤ ਸਿੰਘ, ਰਾਜਬੀਰ ਸਿੰਘ, ਸਤਵਿੰਦਰ ਸਿੰਘ, ਸਤਗੁਰ ਸਿੰਘ ਅਤੇ ਸ਼ਿਵਾ ਨੇ ਅਹਿਮ ਭੂਮਿਕਾ ਨਿਭਾਈ।