ਇੰਟਰਨੈੱਟ ’ਤੇ ਦੋਸਤੀ ਤੋਂ ਬਾਅਦ ਮਿਲਣ ਦੇ ਬਹਾਨੇ ਬੁਲਾ ਕੇ ਲੁੱਟਣ ਵਾਲਾ ਗਿਰੋਹ ਕਾਬੂ ਇੰਟਰਨੈੱਟ ’ਤੇ ਦੋਸਤੀ ਤੋਂ ਬਾਅਦ ਮਿਲਣ ਦੇ ਬਹਾਨੇ ਬੁਲਾ ਕੇ ਲੁੱਟਣ ਵਾਲਾ ਗਿਰੋਹ ਕਾਬੂ
Publish Date: Sun, 16 Aug 2026 04:12 PM (IST)
Updated Date: Sun, 16 Aug 2026 04:14 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸੀਆਈਏ ਸਟਾਫ ਪਟਿਆਲਾ ਦੀ ਟੀਮ ਨੇ ਲੋਕਾਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਬਣਾਉਣ ਤੇ ਬਾਅਦ ’ਚ ਪੁਲਿਸ ਮੁਲਾਜ਼ਮ ਬਣ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇੰਟਰਨੈੱਟ ਰਾਹੀਂ ਦੋਸਤੀ ਕਰਨ ਤੋਂ ਬਾਅਦ ਔਰਤਾਂ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਦੀਆਂ ਵੀਡੀਓ ਤੇ ਤਸਵੀਰਾਂ ਬਣਾਉਂਦੀਆਂ ਸਨ। ਇਸ ਤੋਂ ਬਾਅਦ ਦੋ ਮੁਲਜ਼ਮ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਰੇਡ ਕਰਨ ਦੀ ਐਕਟਿੰਗ ਕਰਦੇ ਤੇ ਪੀੜਤਾਂ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਦੇ ਹੋਏ ਲੁੱਟ ਲੈਂਦੇ ਸਨ। ਪੁਲਿਸ ਨੇ ਮਾਮਲੇ ’ਚ ਛੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜ ਕੌਰ ਵਾਸੀ ਪਟਿਆਲਾ, ਹਰਲੀਨ ਵਾਸੀ ਪਟਿਆਲਾ, ਗਗਨਦੀਪ ਕੌਰ ਵਾਸੀ ਸੰਗਰੂਰ, ਰਵਿੰਦਰ ਕੌਰ ਗਰੇਵਾਲ ਵਾਸੀ ਪਟਿਆਲਾ, ਨਕਲੀ ਕਾਂਸਟੇਬਲ ਹਰਭਜਨ ਸਿੰਘ ਵਾਸੀ ਭਵਾਨੀਗੜ੍ਹ ਤੇ ਲਖਵਿੰਦਰ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪਰਦੀਪ ਬਾਜਵਾ ਨੇ ਦੱਸਿਆ ਕਿ ਐੱਸਐੱਸਪੀ ਦੇ ਨਿਰਦੇਸ਼ਾਂ ’ਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੀਮ ਗਠਿਤ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 308(2), 126(2), 127(2), 351(2), 235, 135 ਅਤੇ 61(2) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਥਾਣਾ ਅਨਾਜ ਮੰਡੀ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ, ਇਕ ਕਾਰਤੂਸ ਅਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਰੈਂਕ ਦੇ ਦੋ ਨਕਲੀ ਪਛਾਣ ਪੱਤਰ ਵੀ ਬਰਾਮਦ ਹੋਏ ਹਨ। ਇਨ੍ਹਾਂ ’ਤੇ ਮੁਲਜ਼ਮਾਂ ਦੀਆਂ ਅਸਲ ਤਸਵੀਰਾਂ ਲੱਗੀਆਂ ਹੋਈਆਂ ਸਨ। ਪੁਲਿਸ ਅਨੁਸਾਰ ਮੁਲਜ਼ਮ ਰਾਣੀ ਦਾ ਅਬਚਲ ਨਗਰ ’ਚ ਆਪਣਾ ਘਰ ਸੀ, ਜਿੱਥੇ ਇਹ ਗਿਰੋਹ ਇਕੱਠਾ ਰਹਿੰਦਾ ਸੀ। ਔਰਤਾਂ ਇੰਟਰਨੈੱਟ ਰਾਹੀਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਅਤੇ ਉਨ੍ਹਾਂ ਨਾਲ ਦੋਸਤੀ ਕਰਦੀਆਂ ਸਨ। ਦੋਸਤੀ ਹੋਣ ਤੋਂ ਬਾਅਦ ਮਿਲਣ ਦੇ ਬਹਾਨੇ ਰਾਣੀ ਇਨ੍ਹਾਂ ਲੋਕਾਂ ਨੂੰ ਆਪਣੇ ਘਰ ਬੁਲਾਉਂਦੀ ਸੀ। ਇਸ ਦੌਰਾਨ ਪੀੜਤ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਬਣਾ ਲਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਦੋ ਮੁਲਜ਼ਮ ਨਕਲੀ ਪੁਲਿਸ ਵਰਦੀ ਪਾ ਕੇ ਮੌਕੇ ’ਤੇ ਪਹੁੰਚਦੇ ਅਤੇ ਰੇਡ ਦੀ ਐਕਟਿੰਗ ਕਰਦੇ ਸਨ। ਉਹ ਵੀਡੀਓ ਅਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਪੀੜਤ ਕੋਲੋਂ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦੇ ਸਨ। ਪੁਲਿਸ ਮੁਤਾਬਕ ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਬਲੈਕਮੇਲਿੰਗ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਨੂੰ ਜਦੋਂ ਇਸ ਗਿਰੋਹ ਦੀ ਭਿਣਕ ਲੱਗੀ ਤਾਂ ਏਐੱਸਆਈ ਨਵਦੀਪ ਸਿੰਘ ਨੂੰ ਮੁਲਜ਼ਮਾਂ ਦੇ ਸੰਪਰਕ ’ਚ ਲਿਆ ਕੇ ਪੂਰੇ ਗਿਰੋਹ ਨੂੰ ਕਥਿਤ ਤੌਰ ’ਤੇ ਰੰਗੇ ਹੱਥੀਂ ਕਾਬੂ ਕੀਤਾ ਗਿਆ। -ਪੀੜਤ ਪੁਲਿਸ ਨਾਲ ਸੰਪਰਕ ਕਰਨ : ਬਾਜਵਾ ਸੀਆਈਏ ਸਟਾਫ ਦੇ ਇੰਚਾਰਜ ਪਰਦੀਪ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਹਰਭਜਨ ਸਿੰਘ ਖ਼ਿਲਾਫ਼ ਸ਼ਰਾਬ ਤਸਕਰੀ ਅਤੇ ਚੋਰੀ ਦਾ ਮਾਮਲਾ ਦਰਜ ਹੋਣ ਦਾ ਰਿਕਾਰਡ ਮਿਲਿਆ ਹੈ, ਜਦਕਿ ਹੋਰ ਮੁਲਜ਼ਮਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਕਈ ਲੋਕਾਂ ਨੂੰ ਲੁੱਟਿਆ ਹੈ। ਕਿਸੇ ਤੋਂ ਗੂਗਲ-ਪੇ ਰਾਹੀਂ ਪੈਸੇ ਹਾਸਲ ਕੀਤੇ ਗਏ ਤੇ ਕਿਸੇ ਕੋਲੋਂ ਗਹਿਣੇ ਲੁੱਟੇ ਗਏ। ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਲੋਕ ਇਸ ਗਿਰੋਹ ਦੀ ਲੁੱਟ ਦਾ ਸ਼ਿਕਾਰ ਹੋਏ ਹਨ, ਉਹ ਪੁਲਿਸ ਕੋਲ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।