- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਉਗਰਾਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਬੀਕੇਯੂ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ ਬਲਾਕ ਦੇ ਸਾਰੇ ਪਿੰਡਾਂ ਇਕਾਈਆਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ ਗੱਠਜੋੜ ਦੇ ਪੁਤਲੇ ਪਿੰਡ ਮਹਿਲਾ ਚੌਂਕ, ਸਮੂਰਾਂ, ਕੈਂਪਰ, ਸ਼ਾਦੀਹਰੀ, ਖਾਨਪੁਰ, ਹਰੀਗੜ, ਨਿਹਾਲਗੜ੍ਹ, ਛਾਹੜ, ਜਨਾਲ ,ਦਿੜਬਾ, ਕੌਹਰੀਆਂ, ਤੂਰਬੰਜਾਰਾ, ਢੰਡੋਲੀ ਕਲਾਂ, ਖੇੜੀ ਨਾਗਾ ਵਿਖੇ ਜਨਤਕ ਇਕੱਠ ਕਰ ਕੇ ਸਾੜੇ ਗਏ। ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੀ ਮਾਰ ਲਈ ਇਹ ਤਿੰਨ ਧਿਰੀ ਗੱਠਜੋੜ ਜਿੰਮੇਵਾਰ ਹੈ ਤੇ ਇਸ ਵੇਲੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਗੱਠਜੋੜ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਇਸ ਵੱਲੋਂ ਦਾਅਵਾ ਕੀਤਾ ਜਾਂਦਾ ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਇੱਕ ਡਰਾਮਾ ਹੈ ਤੇ ਉਲਟਾ ਇਹ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਸੇਧਤ ਹੈ। ਇਸ ਲਈ ਜਥੇਬੰਦੀ ਨੇ ਅੱਜ ਪਰਵਿੰਦਰ ਝੋਟਾ ਕਾਤਲ ਇਨਸਾਫ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਇਹ ਮੰਗ ਕੀਤੀ ਕਿ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿਓ।
ਉਨਾਂ ਪਿਛਲੇ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆਓ ਤੇ ਉਨ੍ਹਾਂ 'ਤੇ ਕਾਰਵਾਈ ਕਰੋ। ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਦੋ ਕਰੋੜ ਦਾ ਮੁਆਵਜ਼ਾ ਅਤੇ ਪਰਮਿੰਦਰ ਸਿੰਘ ਦੀ ਧਰਮਪਤਨੀ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿਓ। ਜਖਮੀਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿਓ। ਨਸ਼ਾ ਤਸਕਰਾਂ, ਸਿਆਸਤਦਾਨਾਂ, ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਨੂੰ ਖਿੰਡਾਓ। ਇਸ ਧੰਦੇ 'ਚ ਗਲਤਾਨ ਸਭਨਾਂ ਨੂੰ ਸਖਤ ਸਜਾਵਾਂ ਦਿਓ। ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜੋ। ਮੁਲਕ ਅੰਦਰ ਬਣਾਏ ਜਾਂਦੇ ਸੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਾਓ ਤੇ ਸਰਹੱਦਾਂ 'ਤੇ ਸਖਤੀ ਕਰੋ।
ਸ਼ਰਾਬ ਦੀ ਵਿਕਰੀ ਕਰਕੇ ਸਰਕਾਰੀ ਖਜ਼ਾਨਾ ਭਰਨ ਦੀ ਨੀਤੀ ਬੰਦ ਕਰੋ। ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ। ਉਹਨਾਂ ਦੇ ਮੁੜ-ਵਸੇਬੇ ਦੀ ਅਸਰਦਾਰ ਨੀਤੀ ਬਣਾਓ। ਮੁੜ ਵਸੇਵੇ ਲਈ ਵਿੱਤੀ ਸਹਾਇਤਾ ਦਿਓ। ਨਸ਼ਾ ਤਸਕਰੀ ਦੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨੇ 'ਤੇ ਰੱਖੋ ਤੇ ਜੇਲਾਂ 'ਚ ਸੁੱਟੋ। ਯੁੱਧ ਲੋਕਾਂ ਵਿਰੁੱਧ ਫੌਰੀ ਰੋਕੋ ਤੇ ਇਸ ਨੂੰ ਨਸ਼ਾ ਤਸਕਰੀ ਦੇ ਗਠਜੋੜ ਖਿਲਾਫ ਚਲਾਉ। ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰੋ ਤੇ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਮੁਆਵਜਾ ਦਿਓ। ਇਸ ਮੌਕੇ ਹਾਜ਼ਰ ਜ਼ਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾਂ, ਜਗਦੀਪ ਸਿੰਘ ਮਹਿਲਾਂ, ਹਰਬੰਸ ਸਿੰਘ, ਜਸਵੰਤ ਸਿੰਘ, ਮਿਸ਼ਰਾ ਸਿੰਘ ਆਦਿ ਹਾਜਰ ਸਨ।