ਭਾਜਪਾ ਦਾ ਨਫਰਤ ਫੈਲਾਉਣ ਦਾ ਏਜੰਡਾ ਪੰਜਾਬ ’ਚ ਲਾਗੂ ਨਹੀਂ ਹੋਵੇਗਾ:ਚੀਮਾ ਭਾਜਪਾ ਦਾ ਨਫਰਤ ਫੈਲਾਉਣ ਦਾ ਏਜੰਡਾ ਪੰਜਾਬ ’ਚ ਲਾਗੂ ਨਹੀਂ ਹੋਵੇਗਾ:ਚੀਮਾ
Publish Date: Sat, 18 Jul 2026 05:18 PM (IST)
Updated Date: Sun, 19 Jul 2026 04:02 AM (IST)
ਕਿਹਾ, ਪ੍ਰਧਾਨ ਮੰਤਰੀ ਦੇ ਦੌਰੇ ਨੇ ਪੰਜਾਬ ਵਾਸੀਆਂ ਨੂੰ ਨਿਰਾਸ਼ ਕੀਤਾ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਉੱਤੇ ਬਹੁਤ ਸਾਰੀਆਂ ਉਮੀਦਾਂ ਸਨ ਪਰ ਉਨ੍ਹਾਂ ਦੇ ਭਾਸ਼ਣ ਨੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਲੱਗ ਰਿਹਾ ਸੀ ਕੇ ਉਹ ਸਿਰਫ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਦਾ ਡਿਜ਼ਾਇਨ ਕੀਤਾ ਹੋਇਆ ਭਾਸ਼ਣ ਦੇਣ ਆਏ ਸੀ। ਇਸ ਭਾਸ਼ਣ ਵਿੱਚ ਸਮਾਜ ਵਿੱਚ ਨਫਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਗਈ। ਸਮਾਜ ਦੇ ਫਿਰਕਿਆਂ ਨੂੰ ਆਪਸ ਵਿੱਚ ਵੰਡ ਕੇ ਉਹਨਾਂ ਦੀਆਂ ਵੋਟਾਂ ਬਟੋਰ ਕੇ ਰਾਜ ਕਰਨਾ ਭਾਰਤੀ ਜਨਤਾ ਪਾਰਟੀ ਦਾ ਮਨਸੂਬਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਆਉਣ ਉੱਤੇ ਪੰਜਾਬ ਵਾਸੀਆਂ ਨੂੰ ਉਮੀਦਾਂ ਸਨ ਕਿ ਕੇਂਦਰ ਸਰਕਾਰ ਵੱਲ ਬਕਾਇਆ ਪਿਆ ਆਰਡੀਐਫ ਦਾ ਪੈਸਾ ਅਤੇ ਹੜਾਂ ਸਮੇਂ ਐਲਾਨ ਕੀਤਾ ਗਿਆ ਪੈਸਾ ਅਤੇ ਹੋਰ ਵੱਡੀ ਪੱਧਰ ਤੇ ਬਕਾਇਆ ਕੇਂਦਰ ਸਰਕਾਰ ਦੇ ਵੱਲ ਖੜਾ ਹੈ ਉਸ ਦਾ ਐਲਾਨ ਕੀਤਾ ਜਾਵੇਗਾ। ਪਰ ਹੋਇਆ ਇਸ ਦੇ ਉਲਟ ਕਿ ਉਸ ਨੇ ਪੰਜਾਬ ਦਾ ਬਕਾਇਆ ਪੈਸਾ ਪੰਜਾਬ ਨੂੰ ਦੇਣ ਦੀ ਬਜਾਏ ਕੋਈ ਗੱਲ ਨਹੀਂ ਕੀਤੀ ਸਗੋਂ ਸਮਾਜ ਨੂੰ ਤੋੜਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਦਾ ਇਹ ਪੰਜਾਬ ਦੌਰਾ ਸਿਰਫ ਇੱਕ ਚੋਣ ਸਟੰਟ ਬਣ ਕੇ ਹੀ ਰਹਿ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਮ ਮੰਦਰ ਬਣਾਉਣ ਦੇ ਮੁੱਦੇ ਉੱਤੇ ਦੇਸ਼ ਵਿੱਚ ਸੱਤਾ ਵਿੱਚ ਆਈ ਸੀ ਪਰ ਸਥਿਤੀ ਇਹ ਬਣੀ ਕਿ ਲੋਕਾਂ ਦੀ ਸ਼ਰਧਾ ਦਾ ਘਾਣ ਕੀਤਾ ਗਿਆ ਅਤੇ ਮੰਦਰ ਦੇ ਵਿੱਚੋਂ ਚੜਾਵਾ ਚੋਰੀ ਕੀਤਾ ਗਿਆ ਜਿਸ ਨਾਲ ਆਮ ਲੋਕਾਂ ਦੀ ਸ਼ਰਧਾ ਅਤੇ ਭਾਵਨਾ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਬਾਰੇ ਵੀ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਨਾ ਦੇਣਾ ਕਈ ਸਵਾਲ ਖੜੇ ਕਰਦਾ ਹੈ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਹਾਜ਼ਰ ਸਨ।