ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਭਾਜਪਾ ਵੱਲੋਂ ਰੋਸ਼ ਪ੍ਰਦਰਸ਼ਨ
Publish Date: Wed, 09 Sep 2026 06:41 PM (IST)
Updated Date: Wed, 09 Sep 2026 06:43 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਵਿਖੇ ਭਾਜਪਾ ਪਟਿਆਲਾ ਸ਼ਹਿਰੀ ਦੇ ਵਰਕਰਾਂ ਵੱਲੋਂ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਦੀ ਦੁਖਦਾਈ ਮੌਤ ਅਤੇ ਲੁਧਿਆਣਾ (ਜਲੰਧਰ ਬਾਈਪਾਸ) ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕੀਤੀ। ਇਸ ਮੌਕੇ ਜੈ ਇੰਦਰ ਕੌਰ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ 2022 ਵਿਚ ਪੰਜਾਬ ਦੇ ਲੋਕਾਂ ਨੇ ਜਿਸ ਸਰਕਾਰ ਤੇ ਭਰੋਸਾ ਕੀਤਾ ਸੀ, ਅੱਜ ਉਸੇ ਸਰਕਾਰ ਵੱਲੋਂ ਸਵਾਲ ਪੁੱਛਣ ਵਾਲਿਆਂ ਨੂੰ ਲਾਠੀਚਾਰਜ ਤੇ ਮੌਤ ਮਿਲ ਰਹੀ ਹੈ। ਪਹਿਲਾਂ ਸ਼ੇਰੋ ਪਿੰਡ ਦੇ ਮੋਹਨਜੀਤ ਸਿੰਘ ਤੇ ਪੁਲਿਸ ਦੁਆਰਾ ਕੀਤਾ ਗਿਆ ਤਸ਼ੱਦਦ ਅਤੇ ਹੁਣ ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਮੌਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਜੈ ਇੰਦਰ ਕੌਰ ਨੇ ਦੋਸ਼ ਲਗਾਇਆ ਕਿ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਨਸ਼ਿਆਂ ਦੇ ਮੁੱਦੇ ਤੇ ਸਵਾਲ ਪੁੱਛੇ ਸਨ, ਜਿਸ ਤੋਂ ਬਾਅਦ ਉਸ ਤੇ ਪੰਚਾਇਤ ਤੇ ਪੁਲਿਸ ਵੱਲੋਂ ਮਾਫ਼ੀ ਮੰਗਣ ਦਾ ਮਾਨਸਿਕ ਦਬਾਅ ਪਾਇਆ ਗਿਆ, ਜਿਸ ਕਾਰਨ ਮਜ਼ਬੂਰ ਹੋ ਕੇ ਉਸਨੇ ਜ਼ਹਿਰੀਲੀ ਦਵਾਈ ਪੀ ਲਈ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਵਿੱਤ ਮੰਤਰੀ ਹਰਪਾਲ ਚੀਮਾ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਲੁਧਿਆਣਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਰਾਜ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਿਗੜ ਚੁੱਕੀ ਹੈ। ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਬੇਹੱਦ ਨਿੰਦਣਯੋਗ ਹੈ ਤੇ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਹੋਣਾ ਸਰਕਾਰ ਲਈ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕ ਵਫ਼ਦ ਹਾਲ ਹੀ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੈਮੋਰੰਡਮ ਵੀ ਸੌਂਪ ਚੁੱਕਾ ਹੈ। ਇਸ ਦੌਰਾਨ ਭਾਜਪਾ ਪਟਿਆਲਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਕੇ.ਕੇ ਮਲਹੋਤਰਾ, ਸਤਬੀਰ ਸਿੰਘ ਖੱਟੜਾ, ਅਤੁਲ ਜੋਸ਼ੀ, ਸੰਦੀਪ ਮਲਹੋਤਰਾ,ਵਰੁਣ ਜਿੰਦਲ, ਹੈਪੀ ਸ਼ਰਮਾ, ਨਿਖਿਲ ਕੁਮਾਰ ਕਾਕਾ, ਮਨੀਸ਼ਾ ਉੱਪਲ,ਹਰੀਸ਼ ਕਪੂਰ, ਗਿੰਨੀ ਨਾਗਪਾਲ, ਵੰਦਨਾ ਜੋਸ਼ੀ, ਹੈਪੀ ਲੋਹਟ,ਰਜਨੀ ਸ਼ਰਮਾ, ਸਿਕੰਦਰ ਚੌਹਾਨ, ਦਵਿੰਦਰ ਲਾਲੀ, ਨਿਖਿਲ ਬਾਤਿਸ਼, ਪਾਵਨ ਭੁੰਮਕ, ਹਰਦੇਵ ਬੱਲੀ ਅਤੇ ਸਨੀ ਲਾਂਭਾ ਆਦਿ ਹਾਜ਼ਰ ਸਨ।