‘ਆਪ’ ਦੇ ਦਬਾਅ ਹੇਠ ਪ੍ਰਸ਼ਾਸ਼ਨ ਕਰ ਰਿਹਾ ਵਿਰੋਧੀ ਉਮੀਦਵਾਰਾਂ ਨਾਲ ਧੱਕਾ : ਜੈਇੰਦਰ ਕੌਰ ‘ਆਪ’ ਦੇ ਦਬਾਅ ਹੇਠ ਪ੍ਰਸ਼ਾਸ਼ਨ ਕਰ ਰਿਹਾ ਵਿਰੋਧੀ ਉਮੀਦਵਾਰਾਂ ਨਾਲ ਧੱਕਾ - ਜੈਇੰਦਰ ਕੌਰ
Publish Date: Fri, 20 Nov 2026 06:40 PM (IST)
Updated Date: Fri, 20 Nov 2026 06:43 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਨੇ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ’ਚ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਚੈਕਿੰਗ ਵਿਚ ਜਾਣਬੁੱਝ ਦੇਰੀ ਕਰਨ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਇੰਦਰ ਕੌਰ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਸ਼ਾਰੇ ’ਤੇ ਪ੍ਰਸ਼ਾਸ਼ਨ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨਾਲ ਧੱਕਾ ਕਰ ਰਿਹਾ ਹੈ, ਜੋ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਨਗਰ ਨਿਗਰ ਦੇ 30 ਵਾਰਡਾਂ ਵਿਚ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਮੁੜ ਚੋਣ ਹੋ ਰਹੀ ਹੈ, ਕਿਉਂਕਿ ਪਹਿਲਾਂ ਇੱਥੇ ਸਰਕਾਰ ਦੇ ਧੱਕਾ ਕੀਤਾ ਸੀ ਜਿਸ ਤੋਂ ਬਾਅਦ ਸਰਬਉੱਚ ਅਦਾਲਤ ਨੇ ਦੁਬਾਰਾ ਤੋਂ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਦਾ ਵੀ ਡਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਦੀ ਸ਼ਿਕਾਇਤ ਭਾਜਪਾ ਨੇ ਅਦਾਲਤ ਦੀ ਨਿਗਰਾਨ ਕਮੇਟੀ ਨੂੰ ਕੀਤੀ ਹੈ, ਜਿਸ ਵਲੋਂ ਮੌਕੇ ਉੱਤੇ ਆਬਜ਼ਬਰ ਭੇਜੇ ਗਏ ਹਨ, ਜਿਸ ਨਾਲ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਗਈ। ਜੈਇੰਦਰ ਕੌਰ ਨੇ ਸਵਾਲ ਕੀਤਾ ਕਿ ਸੱਤਾਧਾਰੀ ਧਿਰ ਵਿਰੋਧੀਆਂ ਤੋਂ ਇੰਨਾ ਡਰ ਕਿਉਂ ਰਹੀ ਹੈ, ਜੇਕਰ ਸਰਕਾਰ ਨੇ ਧੱਕੇਸ਼ਾਹੀ ਵਾਲਾ ਅਜਿਹਾ ਰਵੱਈਆ ਛੱਡਿਆ ਤਾਂ ਉਹ ਇਸ ਦਾ ਡ਼ਟ ਕੇ ਵਿਰੋਧੀ ਕਰਨਗੇ ਅਤੇ ਮੁੜ ਤੋਂ ਮਾਮਲੇ ਨੂੰ ਅਦਾਲਤ ਤੱਕ ਲੈ ਕੇ ਜਾਣ ਤੋਂ ਨਹੀਂ ਝਿਜਕਣਗੇ। ਜਾਇੰਦਰ ਕੌਰ ਨੇ ਦੱਸਿਆ ਕਿ ਅੱਜ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਵੇਰੇ 11 ਵਜੇ ਸ਼ੁਰੂ ਹੋਣੀ ਸੀ ਪਰ 12 ਵਜੇ ਤੱਕ ਵੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 2024 ਵਾਂਗ ਮੁੜ ਹੋ ਰਹੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।