‘ਆਪ’ ਦੇ ਝੂਠ ’ਤੇ ਭੜਕੇ ਭਾਜਪਾਈ, ਮੰਤਰੀ ਅਮਨ ਅਰੋੜਾ ਦਾ ਫੂਕਿਆ ਪੁਤਲਾ ਸੁਨਾਮ ’ਚ " ਆਪ " ਦੇ ਝੂਠ ਤੇ ਭੜਕੇ ਭਾਜਪਾਈ
Publish Date: Wed, 07 Oct 2026 03:41 PM (IST)
Updated Date: Thu, 08 Oct 2026 04:02 AM (IST)
ਕਿਹਾ- ਸੀਬੀਆਈ ਰੇਡ ਬਾਰੇ ਆਪ ਲੋਕਾਂ ਨੂੰ ਕਰ ਰਹੀ ਗੁੰਮਰਾਹ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੀਬੀਆਈ ਰੇਡਾਂ ਦੇ ਮਾਮਲੇ ਵਿੱਚ ਤਰਕਹੀਣ ਵਿਚਾਰ ਦੇ ਰਹੇ ਹਨ। ਬੁੱਧਵਾਰ ਨੂੰ ਸੁਨਾਮ (ਸੰਗਰੂਰ) ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਇਕੱਠੇ ਹੋਏ ਵੱਡੀ ਗਿਣਤੀ ਭਾਜਪਾ ਵਰਕਰਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਪੁਤਲਾ ਫੂਕਿਆ। ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਜਿਲਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਕੁਲਭੂਸ਼ਨ ਗੋਇਲ ਦਿੜ੍ਹਬਾ ਅ ਸੇ਼ਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਨਾਲ ਜੁੜੇ ਆਗੂਆਂ ਵਿਰੁੱਧ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਵੱਲੋਂ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਅਤੇ ਜਾਂਚ ਪੂਰੀ ਤਰ੍ਹਾਂ ਨਿਰਪੱਖ ਹਨ ਅਤੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹਨ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਪੱਸ਼ਟ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤੀ ਜਾ ਰਹੀ ਹੈ। ਭਾਜਪਾ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਆਪ ਦੇ ਚੋਟੀ ਦੇ ਆਗੂ ਸੰਵਿਧਾਨਕ ਜਾਂਚ ਏਜੰਸੀਆਂ ਦੀ ਕਾਰਵਾਈ ਤੇ ਸਵਾਲ ਚੁੱਕ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਤੇ ਹੋਰ ਸਥਾਨਕ ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਕਾਨੂੰਨੀ ਜਾਂਚ ਨੂੰ ਕੇਂਦਰ ਦੀ ਭਾਜਪਾ ਸਰਕਾਰ ਨਾਲ ਜੋੜ ਕੇ ਇਸ ਦਾ ਸਿਆਸੀਕਰਨ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਹਨ ਅਤੇ ਸੱਚਾਈ ਤੋਂ ਜਾਣੂੰ ਹਨ; ਆਪ ਆਗੂਆਂ ਦੇ ਅਜਿਹੇ ਗੁੰਮਰਾਹਕੁੰਨ ਬਿਆਨਾਂ ਨਾਲ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਕੁਲਭੂਸ਼ਨ ਗੋਇਲ ਦਿੜ੍ਹਬਾ, ਸ਼ੇਰਵਿੰਦਰ ਧਾਲੀਵਾਲ, ਸੰਦੀਪ ਸ਼ਰਮਾ ਯੂਥ ਜ਼ਿਲ੍ਹਾ ਪ੍ਰਧਾਨ, ਰਵਿੰਦਰ ਰਵੀ ਓਬੀਸੀ ਮੋਰਚਾ, ਰਾਜੀਵ ਮੱਖਣ, ਦਰਸ਼ਨ ਨਮੋਲ, ਨਰਿੰਦਰ ਸ਼ੇਰੋਂ, ਅਵਤਾਰ ਬਹਾਦਰਪੁਰ,ਸ਼ੰਕਰ ਬਾਂਸਲ, ਰਤਨ ਲੌਂਗੋਵਾਲ, ਵਿਜੇ ਗੋਇਲ ਲੌਂਗੋਵਾਲ, ਸ਼ੰਕਰ ਬਾਂਸਲ, ਧੀਰਜ ਗੋਇਲ, ਰਾਂਝਾ ਬਖਸ਼ੀ, ਬਲਜੀਤ ਬੋਪੁਰ, ਅਸ਼ੋਕ ਗਰਗ, ਰਾਜਵੀਰ ਸਿੰਘ , ਮੁਕੇਸ਼ ਮੋਦੀ, ਅੰਕਿਤ ਕਾਂਸਲ, ਜੋਨੀ ਆਦਿ ਹਾਜ਼ਰ ਸਨ।