ਭਾਜਪਾਈਆਂ ਨੇ ਮੰਗੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ
ਭਾਜਪਾਈਆਂ ਨੇ ਮੰਗੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ
Publish Date: Mon, 23 Mar 2026 04:26 PM (IST)
Updated Date: Tue, 24 Mar 2026 03:59 AM (IST)

ਮੁੱਖ ਮੰਤਰੀ ਤੇ ਆਪ ਦੇ ਸੂਬਾ ਪ੍ਰਧਾਨ ਦਾ ਪੁਤਲਾ ਫੂਕਿਆ ਡੀਐੱਮ ਖੁਦਕੁਸ਼ੀ ਮਾਮਲੇ ’ਚ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਖੁਦਕੁਸ਼ੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਸੁਨਾਮ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਇਕੱਠੇ ਹੋਏ ਭਾਜਪਾਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਪੁਤਲੇ ਫੂਕੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ ਤੇ ਸ਼ੇਰ ਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸੂਬੇ ਅੰਦਰ ਹਾਕਮ ਧਿਰ ਦੇ ਆਗੂਆਂ ਵੱਲੋਂ ਉੱਚ ਅਧਿਕਾਰੀਆਂ ਕੋਲੋਂ ਗ਼ਲਤ ਕੰਮ ਕਰਵਾਉਣ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਾਸ਼ੀਏ ’ਤੇ ਜਾ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਮੰਤਰੀ ਤੇ ਵਿਧਾਇਕ ਕਥਿਤ ਤੌਰ ’ਤੇ ਲੁੱਟ ਖਸੁੱਟ ਕਰਨ ’ਤੇ ਉਤਾਰੂ ਹੋ ਰਹੇ ਹਨ ਜਦਕਿ ਉੱਚ ਅਧਿਕਾਰੀ ਸਰਕਾਰ ਦੇ ਨੁਮਾਇੰਦਿਆਂ ਨੂੰ ਅਜਿਹਾ ਕਰਨ ਤੋਂ ਨਾਂਹ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਆਖਿਆ ਕਿ ਸੂਬੇ ਵਿਚ ਇਕ ਹੋਰ ਪੀਸੀਐੱਸ ਅਧਿਕਾਰੀ ਰਾਜ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਕੇ ਇੱਕ ਮੌਜੂਦਾ ਵਿਧਾਇਕ ਵੱਲੋਂ ਤੰਗ ਪਰੇਸ਼ਾਨ ਕਰਨ ਦੀ ਗੁਹਾਰ ਲਾ ਰਹੇ ਹਨ। ਅਜਿਹੇ ਵਰਤਾਰੇ ਨੇ ਅਫ਼ਸਰਸ਼ਾਹੀ ਅੰਦਰ ਖ਼ੌਫ਼ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਲਾਲਜੀਤ ਸਿੰਘ ਭੁੱਲਰ, ਉਸਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀਏ ਦਿਲਬਾਗ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਚੰਦ ਸਿੰਘ ਚੱਠਾ, ਰਣਧੀਰ ਸਿੰਘ ਕਲੇਰ, ਸਾਬਕਾ ਕੌਂਸਲਰ ਮੋਨਿਕਾ ਗੋਇਲ, ਸ਼ੰਕਰ ਬਾਂਸਲ, ਰਾਂਝਾ ਬਖਸ਼ੀ, ਸੰਦੀਪ ਸ਼ਰਮਾ, ਓਬੀਸੀ ਮੋਰਚਾ ਰਵਿੰਦਰ ਰਵੀ, ਐਸ ਸੀ ਮੋਰਚਾ ਬਚਿੱਤਰ ਚੱਠਾ, ਸੱਤਪਾਲ ਸਿੰਗਲਾ, ਵਿਜੇ ਗੋਇਲ ਲੌਂਗੋਵਾਲ, ਦਰਸਨ ਸਿੰਘ ਨਮੋਲ, ਨਰਿੰਦਰ ਸ਼ੇਰੋਂ, ਜਗਸੀਰ ਦਾਸ, ਗਿਆਨ ਸੈਣੀ, ਸੁਰੇਸ਼ ਰਾਠੀ, ਸੋਹਨ ਲਾਲ, ਰਾਮ ਦਿਆਲ ਸ਼ਰਮਾ, ਗੁਰਤੇਜ ਸਿੰਘ, ਜਤਿੰਦਰ ਸਿੰਘ, ਧੀਰਜ ਗੋਇਲ, ਰਜਤ ਸ਼ਰਮਾ ਆਦਿ ਹਾਜ਼ਰ ਸਨ।