
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਬਕਾ ਵਿਧਾਇਕ ਕੰਬੋਜ ’ਤੇ ਬੀਜੇਪੀ ਆਗੂ ਜਗਦੀਸ਼ ਜੱਗਾ ਦਾ ਤਿੱਖਾ ਹਮਲਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਰਾਜਪੁਰਾ ਵਿਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਮਾੜੀ ਵਿਵਸਥਾ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨ ’ਤੇ ਪਲਟਵਾਰ ਕਰਦਿਆਂ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਉਨ੍ਹਾਂ ਨੂੰ ਡਰਾਮੇਬਾਜ਼ੀ ਕਰਨ ਦੀ ਬਜਾਏ ਆਪਣੇ ਪਿਛਲੇ ਕਾਰਜਕਾਲ ਦਾ ਹਿਸਾਬ ਦੇਣ ਲਈ ਕਿਹਾ ਹੈ। ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਜੱਗਾ ਨੇ ਦੋਸ਼ ਲਾਇਆ ਕਿ ‘ਆਪ’ ਦੀ ਮੌਜੂਦਾ ਵਿਧਾਇਕਾ ਅਤੇ ਸਾਬਕਾ ਵਿਧਾਇਕ ਆਪਸ ਵਿਚ ਰਲੇ ਹੋਏ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ‘ਫ੍ਰੈਂਡਲੀ ਮੈਚ’ ਖੇਡ ਰਹੇ ਹਨ। ਜੱਗਾ ਨੇ ਕਿਹਾ ਕਿ ਸਾਬਕਾ ਵਿਧਾਇਕ ਹੁਣ ਗੰਦੇ ਪਾਣੀ ਦੀਆਂ ਬੋਤਲਾਂ ਫੜ ਕੇ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਪਿਛਲੀਆਂ ਦੋ ਟਰਮਾਂ ਦੌਰਾਨ ਨਗਰ ਕੌਂਸਲ ਦੀ ਪ੍ਰਧਾਨਗੀ ਉਨ੍ਹਾਂ ਦੇ ਸਮਰਥਕਾਂ ਕੋਲ ਰਹੀ। ਉਸ ਸਮੇਂ ਰਾਜਪੁਰਾ ਦੀਆਂ ਪਾਣੀ ਅਤੇ ਸੀਵਰੇਜ ਸਮੱਸਿਆਵਾਂ ਦਾ ਹੱਲ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਸਾਬਕਾ ਵਿਧਾਇਕ ਵੱਲੋਂ ਆਪਣੇ ਕਾਰਜਕਾਲ ਦੌਰਾਨ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਕੀਤੇ ਦਾਅਵਿਆਂ ’ਤੇ ਵੀ ਸਵਾਲ ਚੁੱਕਦਿਆਂ ਖਰਚੇ ਦਾ ਹਿਸਾਬ ਮੰਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਸਕੂਲ ਵਾਲਾ ਪੁਲ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਬਣਵਾਇਆ ਸੀ, ਪਰ ਹੁਣ ਦੋਵੇਂ ਵਿਧਾਇਕ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜੱਗਾ ਨੇ ਕਿਹਾ ਕਿ ਭਾਜਪਾ ਦੀ ਟੀਮ ਨੇ ਰਾਜਪੁਰਾ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ 40 ਸਾਲਾਂ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ। ਇਸ ਤਹਿਤ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੱਖ ਕੀਤੀਆਂ ਜਾਣਗੀਆਂ, ਤਾਂ ਜੋ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਨਾ ਮਿਲ ਸਕੇ। ਇਸ ਮੌਕੇ ਭਾਜਪਾ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਪ੍ਰਦੀਪ ਨੰਦਾ, ਰੂਪਿੰਦਰ ਸਿੰਘ ਸੰਧੂ, ਐਡਵੋਕੇਟ ਪਰਮਵੀਰ ਚੌਧਰੀ, ਦੀਪਕ ਬਾਂਸਲ, ਪ੍ਰਵੀਨ ਸ਼ਰਮਾ, ਆਸ਼ਾ ਸਹਿਜੜਾ, ਨਰਿੰਦਰ ਕੌਰ ਗਿੱਲ ਸਮੇਤ ਹੋਰ ਵਰਕਰ ਮੌਜੂਦ ਸਨ।