ਵਾਟਰ ਟਰੀਟਮੈਂਟ ਪਲਾਂਟ ਦੇ ਮੁੱਦੇ ਤੇ ਭਾਜਪਾ ਨੇ ਘੇਰੀ " ਆਪ " ਸਰਕਾਰ ਵਾਟਰ ਟਰੀਟਮੈਂਟ ਪਲਾਂਟ ਦੇ ਮੁੱਦੇ ਤੇ ਭਾਜਪਾ ਨੇ ਘੇਰੀ " ਆਪ " ਸਰਕਾਰ
Publish Date: Thu, 06 Aug 2026 06:18 PM (IST)
Updated Date: Fri, 07 Aug 2026 04:05 AM (IST)
ਵਿਵਾਦਿਤ ਜਗ੍ਹਾ ਨੂੰ ਛੱਡਕੇ ਬਿਨਾਂ ਦੇਰੀ ਸ਼ੁਰੂ ਹੋਵੇ ਪ੍ਰਾਜੈਕਟ : ਦਾਮਨ ਬਾਜਵਾ ਕਿਹਾ- ਸ਼ੁੱਧ ਪੀਣ ਵਾਲਾ ਪਾਣੀ ਮੁਹਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਮੰਤਰੀ ਅਮਨ ਅਰੋੜਾ ਨੇ ਪ੍ਰਾਜੈਕਟ ਤੋਂ ਹੱਥ ਪਿੱਛੇ ਖਿੱਚੇ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਅੰਦਰ ਪ੍ਰਸਤਾਵਿਤ ਵਾਟਰ ਟਰੀਟਮੈਂਟ ਪਲਾਂਟ ਨੂੰ ਲੈਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਤਾਕੀਦ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਕਿਸੇ ਵੀ ਵਿਵਾਦ ਦਾ ਸ਼ਿਕਾਰ ਨਾ ਹੋਣ ਦੇਣ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਅਮਨ ਅਰੋੜਾ ਵਿਵਾਦਤ ਜਗ੍ਹਾ ਨੂੰ ਛੱਡਕੇ ਬਿਨਾਂ ਦੇਰੀ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੋਸ਼ ਲਾਇਆ ਕਿ ਜਨਤਕ ਹਿੱਤ ਦੇ ਇਸ ਗੰਭੀਰ ਮੁੱਦੇ ਤੇ ਛੋਟੇ ਪੱਧਰ ਦੀ ਰਾਜਨੀਤੀ ਖੇਡੀ ਜਾ ਰਹੀ ਹੈ, ਜਿਸ ਨਾਲ ਸੁਨਾਮ ਦੇ ਵਸ਼ਿੰਦੇ ਸਾਫ਼ ਪੀਣ ਵਾਲੇ ਪਾਣੀ ਵਰਗੀ ਬੁਨਿਆਦੀ ਸਹੂਲਤ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲੇ ਤੇ ਰਾਜਨੀਤੀ ਕਰਨ ਦੀ ਬਜਾਏ, ਸਰਕਾਰ ਨੂੰ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੀਆਂ ਰਿਪੋਰਟਾਂ ਤਿੰਨ ਸਾਲ ਪਹਿਲਾਂ ਸਾਹਮਣੇ ਆਈਆਂ ਸਨ , ਇਹ ਜਾਣਕਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖੁਦ ਜਨਤਕ ਕੀਤੀ ਸੀ। ਇਸ ਮਾਮਲੇ ਤੇ ਕੰਮ ਤੁਰੰਤ ਸ਼ੁਰੂ ਹੋਣਾ ਚਾਹੀਦਾ ਸੀ; ਹਾਲਾਂਕਿ, ਇਹ ਵਿਡੰਬਨਾ ਹੈ ਕਿ ਇੰਨੇ ਸਾਲਾਂ ਬਾਅਦ ਵੀ, ਵਿਵਾਦਿਤ ਜ਼ਮੀਨ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਇਹ ਪ੍ਰੋਜੈਕਟ ਠੱਪ ਪਿਆ ਹੈ। ਇੱਕ ਸਪਸ਼ਟ ਸਵਾਲ ਉਠਾਉਂਦੇ ਹੋਏ, ਉਨ੍ਹਾਂ ਪੁੱਛਿਆ ਕਿ ਕੀ ਜਨਤਾ ਨੂੰ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਕਰਨਾ ਲੋਕਾਂ ਦੀ ਸਿਹਤ ਅਤੇ ਜੀਵਨ ਨਾਲ ਸਿੱਧੇ ਤੌਰ ਤੇ ਖੇਡਣ ਦੇ ਬਰਾਬਰ ਨਹੀਂ ਹੈ। ਉਨ੍ਹਾਂ ਕਿਹਾ ਸੂਬੇ ਸਰਕਾਰ ਦੇ ਮੰਤਰੀ ਅਤੇ ਸਥਾਨਕ ਵਿਧਾਇਕ ਅਮਨ ਅਰੋੜਾ ਹੁਣ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਜਨਤਾ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਤੋਂ ਹੱਥ ਪਿੱਛੇ ਖਿੱਚ ਲੈਣ ਦੀ ਗੱਲ ਆਖ ਰਹੇ ਹਨ, ਹਲਕੇ ਦੇ ਲੋਕਾਂ ਨੇ ਤੁਹਾਨੂੰ ਪੰਜ ਸਾਲ ਲਈ ਚੁਣਿਆ ਹੈ ਜਨਤਾ ਮਿਆਦ ਖਤਮ ਹੋਣ ਤੋਂ ਪਹਿਲਾਂ ਉਕਤ ਮਾਮਲੇ ਵਿੱਚ ਹੱਥ ਪਿੱਛੇ ਨਹੀਂ ਖਿੱਚਣ ਦੇਣਗੇ ? ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ ਹਾਜ਼ਰ ਸਨ।