ਚੰਨੀ ਦੇ ਹੱਕ ’ਚ ਉੱਠਦੀ ਆਵਾਜ਼ ਨੇ ਕਾਂਗਰਸ ਦੀ ਸਿਆਸਤ 'ਚ ਵਧਾਈ ਹਲਚਲ ਚੰਨੀ ਦੇ ਹੱਕ ’ਚ ਉੱਠਦੀ ਆਵਾਜ਼ ਨੇ ਕਾਂਗਰਸ ਦੀ ਸਿਆਸਤ 'ਚ ਵਧਾਈ ਹਲਚਲ
Publish Date: Wed, 05 Aug 2026 04:46 PM (IST)
Updated Date: Thu, 06 Aug 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੰਜਾਬ ਕਾਂਗਰਸ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਧੜੇਬੰਦੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਕਾਂਗਰਸੀ ਸਮਾਗਮਾਂ ਦੌਰਾਨ ਵਰਕਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਲੱਗ ਰਹੇ ਨਾਅਰਿਆਂ ਨੇ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਸੂਬੇ ਭਰ ਵਿੱਚ ਜਾ ਕੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ ਦਿਹਾਤੀ ਫਾਜਿਲਕਾ ਆਦਿ ਕਈ ਸਮਾਗਮਾਂ ਵਿੱਚ ਮੌਜੂਦ ਵਰਕਰਾਂ ਵੱਲੋਂ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਹੋਣ ਕਾਰਨ ਇਹ ਸੰਕੇਤ ਮਿਲ ਰਹੇ ਹਨ ਕਿ ਪਾਰਟੀ ਦੇ ਇੱਕ ਵਰਗ ਵਿੱਚ ਚੰਨੀ ਦੀ ਲੋਕਪ੍ਰਿਯਤਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਅਤੇ ਮੁਹਿੰਮਾਂ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਚੰਨੀ ਲਿਆਓ, ਪੰਜਾਬ ਬਚਾਓ ਵਰਗੇ ਨਾਅਰੇ ਅਤੇ ਪੋਸਟਾਂ ਨੂੰ ਕਈ ਵਰਕਰਾਂ ਅਤੇ ਸਮਰਥਕਾਂ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿਆਸੀ ਮਾਹੌਲ ਹੋਰ ਗਰਮਾ ਗਿਆ ਹੈ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਨੌਜਵਾਨ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਵਰਗ ਚਾਹੁੰਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਕਰੇ। ਕਈ ਸਮਾਗਮਾਂ ਵਿੱਚ ਵਰਕਰਾਂ ਨੇ ਖੁੱਲ੍ਹੇਆਮ ਇਹ ਮੰਗ ਵੀ ਉਠਾਈ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ ਤਾਂ ਚੰਨੀ ਨੂੰ ਹੀ ਅਗਵਾਈ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਹਾਲ ਹੀ ਵਿੱਚ ਹਲਕਾ ਘਨੌਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਵੀ ਕੁਝ ਵਰਕਰਾਂ ਵੱਲੋਂ ਭੂਪੇਸ਼ ਬਘੇਲ ਖ਼ਿਲਾਫ਼ ਨਾਅਰੇਬਾਜ਼ੀ ਕਰਨ ਅਤੇ ਚੰਨੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਹ ਕਿਆਸ ਹੋਰ ਤੇਜ਼ ਹੋ ਗਏ ਹਨ ਕਿ ਪੰਜਾਬ ਕਾਂਗਰਸ ਅੰਦਰ ਲੀਡਰਸ਼ਿਪ ਨੂੰ ਲੈ ਕੇ ਚਰਚਾ ਆਉਣ ਵਾਲੇ ਸਮੇਂ ਵਿੱਚ ਹੋਰ ਭਖ ਸਕਦੀ ਹੈ। ਭਾਵੇਂ ਪਾਰਟੀ ਹਾਈਕਮਾਂਡ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਫ਼ੈਸਲਾ ਜਾਂ ਸੰਕੇਤ ਨਹੀਂ ਦਿੱਤਾ ਗਿਆ, ਪਰ ਵਰਕਰਾਂ ਦੇ ਰੁਝਾਨ ਅਤੇ ਸਮਾਗਮਾਂ ਵਿੱਚ ਸਾਹਮਣੇ ਆ ਰਹੀਆਂ ਪ੍ਰਤੀਕਿਰਿਆਵਾਂ ਨੇ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਮੁੜ ਕੇਂਦਰ ਵਿੱਚ ਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਹਾਈਕਮਾਂਡ ਵਰਕਰਾਂ ਦੀ ਇਸ ਭਾਵਨਾ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ ਅਤੇ ਪੰਜਾਬ ਦੀ ਸਿਆਸਤ ਕਿਸ ਪਾਸੇ ਰੁਖ ਕਰਦੀ ਹੈ।