- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਕੌਂਸਲਰਾਂ ਨੇ ਨਗਰ ਕੌਂਸਲ ਦੀ ਮੀਟਿੰਗ ਦਾ ਕੀਤਾ ਬਾਈਕਾਟ

ਐੱਚਐੱਸ ਸੈਣੀ•, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਤੇ ਹੋਰਨਾਂ ਕੰਮਾਂ ਨੂੰ ਲੈ ਕੇ ਪਾਏ ਗਏ ਏਜੰਡੇ ਦੇ ਤਹਿਤ ਰੱਖੀ ਗਈ ਮੀਟਿੰਗ ਦਾ ਭਾਜਪਾ ਕੌਂਸਲਰਾਂ ਵੱਲੋਂ ਮੁਕੰਮਲ ਬਾਈਕਾਟ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਤੇ ਹਲਕਾ ਰਾਜਪੁਰਾ ਵਿਧਾਇਕਾਂ ਨੀਨਾ ਮਿੱਤਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦੇ ਅਨੁਸਾਰ ਰਾਜਪੁਰਾ ਨਗਰ ਕੌਂਸਲ ਦਫ਼ਤਰ ’ਚ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਵੱਲੋਂ ਸਮੂਹ ਕੌਂਸਲਰਾਂ ਦੀ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਤਿਆਰ ਕੀਤੇ ਗਏ ਏਜੰਡੇ ਦੇ ਅਨੁਸਾਰ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਮਤਿਆਂ ਨੂੰ ਪਾਸ ਕੀਤਾ ਜਾਣਾ ਸੀ ਪਰ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ’ਚ ਭਾਜਪਾ ਕੌਂਸਲਰਾਂ ਰੁਪਿੰਦਰ ਸਿੰਘ ਸੰਧੂ, ਰੰਜਨਾ ਸ਼ਰਮਾ, ਐਡਵੋਕੇਟ ਪ੍ਰਤੀਕ ਕੁਮਾਰ, ਆਸਾ ਸਹਿਜੜਾ, ਰੁਪਿੰਦਰ ਕੌਰ ਸਰਵਾਰਾ, ਮੋਨਿਕਾ ਸ਼ਰਮਾ, ਰੀਟਾ ਬਾਂਸਲ, ਹਿਮਾਂਸ਼ੂ ਸਪਰਾ, ਨੀਲਮ ਮਹਿਤਾ ਦੇ ਵੱਲੋਂ ਨਗਰ ਕੌਂਸਲ ਦੀ ਮੀਟਿੰਗ ਦਾ ਬਾਈਕਾਟ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਅਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਾ ਹੋਇਆ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਭਾਜਪਾ ਦੇ ਕੌਂਸਲਰ ਸਮੇਤ ਰਾਜਪੁਰਾ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਦਾ ਧੱਕੇ ਨਾਲ ਬਣਾਇਆ ਗਿਆ ਪ੍ਰਧਾਨ ਰਿਤੇਸ਼ ਬਾਂਸਲ ਮਨਜੂਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਰਨ ਸਮੇਂ ਜਿੱਥੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਵੜਨ ਤੱਕ ਨਹੀਂ ਦਿੱਤਾ ਗਿਆ ਤੇ ਧੱਕੇ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਪ੍ਰਧਾਨ ਸਣੇ ਹੋਰਨਾ ਅਹੁਦਿਆਂ ਦੀ ਚੋਣ ਕੀਤੀ ਗਈ। ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਭਾਜਪਾ ਵੱਲੋਂ ਹਾਈਕੋਰਟ ’ਚ ਰਿਟ ਦਾਇਰ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦਾਇਰ ਕੀਤੀ ਗਈ ਰਿਟ ਦੇ ਅਨੁਸਾਰ 4 ਅਗਸਤ ਸੁਣਵਾਈ ਦੀ ਤਰੀਕ ਤੈਅ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਭਾਜਪਾ ਦੇ ਕੌਂਸਲਰਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਖੁਦ ਦੋ ਕੌਂਸਲਰ ਮੀਟਿੰਗ ’ਚ ਮੌਜੂਦ ਨਹੀਂ ਸਨ। ਇਸ ਤਰ੍ਹਾਂ ਜਦੋਂ ਤੱਕ ਨਗਰ ਕੌਂਸਲ ਵਿੱਚ ਕੌਂਸਲਰਾਂ ਦਾ ਕੋਰਮ ਪੂਰਾ ਨਹੀਂ ਹੋ ਜਾਂਦਾ ਤਾਂ ਨਗਰ ਕੌਂਸਲ ਪ੍ਰਧਾਨ ਕਿਸ ਹੈਸੀਅਤ ਦੇ ਵਿਚ ਏਜੰਡੇ ਦੇ ਵਿੱਚ ਰੱਖੇ ਗਏ ਕੰਮਾਂ ਨੂੰ ਪ੍ਰਵਾਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਾਈਕੋਰਟ ’ਚ ਪਾਈ ਗਈ ਰਿਟ ਨੂੰ ਦੇਖਦੇ ਹੋਏ ਜਾਣ ਬੁਝ ਕੇ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਸਮੂਹ ਭਾਜਪਾ ਕੌਂਸਲਰਾਂ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਛਾਬੜਾ, ਦਿਨੇਸ਼ ਮਹਿਤਾ ਸਮੇਤ ਹੋਰਨਾਂ ਦੇ ਵੱਲੋਂ ਨਗਰ ਕੌਂਸਲ ਮੀਟਿੰਗ ਹਾਲ ਦੇ ਬਾਹਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਹਲਕਾ ਵਿਧਾਇਕਾ ਦੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਕੀਤੀ ਗਈ ਧੱਕੇਸ਼ਾਹੀ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ।