ਲੀਡ) ਨਿਗਮ ਚੋਣਾਂ : ਵਾਰਡ ਨੰਬਰ ਇਕ ਭਾਜਪਾ ਤੇ ਆਪ ਵਰਕਰ ਭਿੜੇ ਨਿਗਮ ਚੋਣਾਂ : ਵਾਰਡ ਨੰਬਰ ਇਕ ਭਾਜਪਾ ਤੇ ਆਪ ਵਰਕਰ ਭਿੜੇ
Publish Date: Sat, 21 Nov 2026 05:03 PM (IST)
Updated Date: Sat, 21 Nov 2026 05:07 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਵਿਚ ਨਗਰ ਨਿਗਮ ਚੋਣਾਂ ਦੇ ਮਾਹੌਲ ਦੌਰਾਨ ਵਾਰਡ ਨੰਬਰ 1 ਵਿਚ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਅਜੇ ਕੁਮਾਰ ਅਨੁਸਾਰ, ਇਸ ਘਟਨਾ ਦੌਰਾਨ ਹੋਏ ਚਾਕੂ ਹਮਲੇ ਵਿਚ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ 3 ਅਤੇ 6 ਸਾਲ ਦੇ ਬੱਚੇ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਵਰਕਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਵਾਰਡ ਦੀ ਚੋਣ ਵਿਚ ਭਾਜਪਾ ਉਮੀਦਵਾਰ ਦਾ ਸਮਰਥਨ ਕਰ ਰਿਹਾ ਹੈ। ਅਜੇ ਕੁਮਾਰ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ, ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੀ ਜਾ ਰਹੀ ਹੈ, ਵੱਲੋਂ ਪਾਰਟੀਬਾਜ਼ੀ ਦੀ ਰੰਜਿਸ਼ ਤਹਿਤ ਉਸਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਅਜੇ ਕੁਮਾਰ ਦੇ ਬਿਆਨਾਂ ਮੁਤਾਬਕ, ਬੀਤੇ ਦਿਨ ਜਦੋਂ ਉਸਦੇ ਭਰਾ ਘਰ ਦੀ ਛੱਤ ਤੇ ਟਹਿਲ ਰਹੇ ਸਨ, ਤਾਂ ਮਨੋਜ ਕੁਮਾਰ ਨਾਮਕ ਵਿਅਕਤੀ ਨੇ ਗੱਲਬਾਤ ਕਰਨ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਹਮਲੇ ਦੌਰਾਨ ਬਚਾਅ ਕਰਦਿਆਂ ਅਤੇ ਹਫੜਾ-ਦਫੜੀ ਵਿਚ ਉਸਦੇ 3 ਅਤੇ 6 ਸਾਲ ਦੇ ਬੱਚਿਆਂ ਦੇ ਵੀ ਚਾਕੂ ਲੱਗ ਗਿਆ। ਅਜੇ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਮਾਡਲ ਟਾਊਨ ਚੌਂਕੀ ਦੀ ਪੁਲਿਸ ਹਮਲਾਵਰ ਨੂੰ ਆਪਣੇ ਨਾਲ ਲੈ ਗਈ ਸੀ, ਪਰ ਪੀੜਤ ਧਿਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਿਨਾਂ ਕੋਈ ਠੋਸ ਕਾਰਵਾਈ ਕੀਤਿਆਂ ਉਸ ਨੂੰ ਛੱਡ ਦਿੱਤਾ ਗਿਆ। ਜ਼ਖ਼ਮੀ ਬੱਚੇ ਅਤੇ ਪਰਿਵਾਰਕ ਮੈਂਬਰਾਂ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਡੱਬੀ -ਸਿਆਸੀ ਰੰਜਿਸ਼ ’ਚ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ : ਜੈਇੰਦਰ ਕੌਰ ਮਾਮਲੇ ਦੀ ਸੂਚਨਾ ਮਿਲਣ ਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਸਰਕਾਰੀ ਹਸਪਤਾਲ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਇੰਦਰ ਕੌਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਚੋਣਾਂ ਦੌਰਾਨ ਕਥਿਤ ਤੌਰ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ’ਚ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਮੰਦਭਾਗਾ ਹੈ। ਜੈਇੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਨਾਮਜ਼ਦ ਮੁਲਜ਼ਮ ਖ਼ਿਲਾਫ਼ ਤੁਰੰਤ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਡੱਬੀ ਬਿਆਨ ਦੇ ਅਧਾਰ ’ਤੇ ਕਾਰਵਾਈ ਹੋਵੇਗੀ : ਚੌਕੀ ਇੰਚਾਰਜ ਚੌਕੀ ਮਾਡਲ ਟਾਊਨ ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵਿਚਕਾਰ ਪੁਰਾਣੀ ਲੜਾਈ ਸੀ। ਇਕ ਮਹੀਨਾ ਪਹਿਲਾਂ ਵੀ ਦੋਨਾਂ ਦਾ ਝਗੜਾ ਹੋਇਆ ਸੀ ਜਿਸ ’ਚ ਇਨਾਂ ਨੇ ਆਪਸ ਵਿਚ ਬਾਹਰ ਹੀ ਸਮਝੌਤਾ ਕਰ ਲਿਆ ਸੀ। ਹੁਣ ਬੀਤੀ ਰਾਤ ਦੋਵਾਂ ਗੁਆਂਡੀਆਂ ਦੇ ਵਿਚ ਦੁਬਾਰਾ ਤੋਂ ਬਹਿਸਬਾਜ਼ੀ ਤੇ ਲੜਾਈ ਹੋਈ ਸੀ ਅਤੇ ਸਵੇਰੇ ਫਿਰ ਝਗੜਾ ਹੋ ਗਿਆ ਸੀ। ਇਸ ਮਾਮਲੇ ’ਚ ਜ਼ਖ਼ਮੀਆਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।