ਗੱਠਜੋੜ ਨੂੰ ਲੈ ਕੇ ਅਕਾਲੀ ਭਾਜਪਾ ’ਚ ਉਤਸ਼ਾਹ, ਆਤਿਸ਼ਬਾਜ਼ੀ ਚਲਾ ਕੇ ਮਨਾਈਆਂ ਖੁਸ਼ੀਆਂ ਗੱਠਜੋੜ ਨੂੰ ਲੈ ਕੇ ਅਕਾਲੀ ਭਾਜਪਾ ’ਚ ਉਤਸ਼ਾਹ-ਆਤਿਸ਼ਬਾਜ਼ੀ ਚਲਾ ਕੇ ਮਨਾਈਆਂ ਖੁਸ਼ੀਆਂ
Publish Date: Wed, 25 Nov 2026 04:18 PM (IST)
Updated Date: Wed, 25 Nov 2026 04:19 PM (IST)
ਭੁਪਿੰਦਰਜੀਤ ਮੌਲਵੀਵਾਲਾ, •ਪੰਜਾਬੀ ਜਾਗਰਣ •ਪਾਤੜਾਂ : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਹੋਏ ਚੋਣ ਗਠਜੋੜ ਨੂੰ ਲੈ ਕੇ ਅਕਾਲੀ ਭਾਜਪਾ ਵਰਕਰ ਬਾਗੋਬਾਗ ਨਜ਼ਰ ਆਏ। ਇਸ ਦੌਰਾਨ ਦੋਵਾਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਪਹੁੰਚ ਕੇ ਆਤਿਸ਼ਬਾਜੀ ਕੀਤੀ। ਇਕੱਠੇ ਹੋਏ ਵਰਕਰਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਰਮਿਆਨ ਹੋਇਆ ਇਹ ਗਠਜੋੜ ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਕੀਤੇ ਗਏ ਵਿਨਾਸ਼ ਨੂੰ ਖਤਮ ਕਰਦਿਆਂ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਤੋਰੇਗਾ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਵਿੱਚ ਲੰਬਾ ਸਮਾਂ ਸਿਆਸੀ ਸਾਂਝ ਰਹੀ ਹੈ ਅਤੇ ਸੂਬੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਗਠਜੋੜ ਨੇ ਇਤਿਹਾਸਕ ਕਾਰਜ ਕੀਤੇ, ਜਿਸ ਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ ਪਰ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੀਆਂ 10 ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਸੂਬੇ ਨੂੰ ਵਿਨਾਸ਼ ਦੇ ਰਾਹ ਉੱਤੇ ਤੌਰ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਵਿੱਚ ਹੋਇਆ ਇਹ ਇਤਿਹਾਸਕ ਗਠਜੋੜ ਸੂਬੇ ਦੀ ਭਲਾਈ ਲਈ ਬੇਹਦ ਲਾਹੇਵੰਦ ਸਾਬਿਤ ਹੋਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਜੋਗਾ ਸਿੰਘ ਸਿੱਧੂ, ਅਜੈਬ ਸਿੰਘ ਮੱਲੀ, ਪ੍ਰਿੰਸੀਪਲ ਨਿਧਾਨ ਸਿੰਘ ਜੈਖਰ, ਸੁਖਜੀਤ ਸਿੰਘ ਬਕਰਾਹਾ, ਭਾਜਪਾ ਆਗੂ ਬਗੀਚਾ ਸਿੰਘ ਦੁਤਾਲ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸਤੀਸ਼ ਕੁਮਾਰ ਗਰਗ, ਪ੍ਰਸ਼ੋਤਮ ਸਿੰਗਲਾ, ਪਵਨ ਕੁਮਾਰ ਖੇਤਲਾ, ਅਕਾਲੀ ਆਗੂ ਤੇਜਵੀਰ ਸਿੰਘ ਖਾਂਗ ਆਦਿ ਹਾਜ਼ਰ ਸਨ।