ਵਿਦੇਸ਼ ਜਾਣ ਦੇ ਲਾਲਚ ’ਚ ਨਾਬਾਲਗ ਬਣੇ ਬਾਈਕ ਚੋਰ, ਤਿੰਨ ਗ੍ਰਿਫ਼ਤਾਰ, ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ ਦੋਵੇਂ ਨਾਬਾਲਗ
ਕਥਿਤ ਮਾਸਟਰਮਾਈਂਡ ਦੀ ਪਛਾਣ ਬਲਜੀਤ ਸਿੰਘ ਵਾਸੀ ਦੇਵੀਗੜ੍ਹ ਨੇੜੇ ਖੇੜਾ ਵਜੋਂ ਹੋਈ ਹੈ, ਜਦਕਿ ਦੋਵੇਂ ਨਾਬਾਲਗ ਵੀ ਥਾਣਾ ਜੁਲਕਾ ਅਧੀਨ ਪੈਂਦੇ ਪਿੰਡ ਬਹਿਰੂ ਦੇ ਰਹਿਣ ਵਾਲੇ ਹਨ। ਐਤਵਾਰ ਨੂੰ ਤਿੰਨਾਂ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨਾਬਾਲਗਾਂ ਨੂੰ ਬਾਲ ਸੁਧਾਰ ਗ੍ਰਹਿ ਲੁਧਿਆਣਾ ਭੇਜਣ ਦੇ ਹੁਕਮ ਦਿੱਤੇ, ਜਦਕਿ ਬਲਜੀਤ ਸਿੰਘ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
Publish Date: Mon, 03 Aug 2026 12:52 PM (IST)
Updated Date: Mon, 03 Aug 2026 12:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਥਾਣਾ ਸਿਵਲ ਲਾਈਨ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਇੱਕ ਕਥਿਤ ਮਾਸਟਰਮਾਈਂਡ ਨੂੰ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਥਿਤ ਮਾਸਟਰਮਾਈਂਡ ਨੇ ਜਲਦੀ ਅਮੀਰ ਬਣਨ ਅਤੇ ਵਿਦੇਸ਼ ਜਾਣ ਦਾ ਲਾਲਚ ਦੇ ਕੇ ਦੋਵਾਂ ਨਾਬਾਲਗਾਂ ਨੂੰ ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਕੀਤਾ ਸੀ। ਦੋਵੇਂ ਨਾਬਾਲਗ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ।
ਕਥਿਤ ਮਾਸਟਰਮਾਈਂਡ ਦੀ ਪਛਾਣ ਬਲਜੀਤ ਸਿੰਘ ਵਾਸੀ ਦੇਵੀਗੜ੍ਹ ਨੇੜੇ ਖੇੜਾ ਵਜੋਂ ਹੋਈ ਹੈ, ਜਦਕਿ ਦੋਵੇਂ ਨਾਬਾਲਗ ਵੀ ਥਾਣਾ ਜੁਲਕਾ ਅਧੀਨ ਪੈਂਦੇ ਪਿੰਡ ਬਹਿਰੂ ਦੇ ਰਹਿਣ ਵਾਲੇ ਹਨ। ਐਤਵਾਰ ਨੂੰ ਤਿੰਨਾਂ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨਾਬਾਲਗਾਂ ਨੂੰ ਬਾਲ ਸੁਧਾਰ ਗ੍ਰਹਿ ਲੁਧਿਆਣਾ ਭੇਜਣ ਦੇ ਹੁਕਮ ਦਿੱਤੇ, ਜਦਕਿ ਬਲਜੀਤ ਸਿੰਘ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਮਾਡਲ ਟਾਊਨ ਚੌਕੀ ਦੇ ਏਐੱਸਆਈ ਬਿਕਰਮਜੀਤ ਸਿੰਘ ਨੇ ਥਾਣਾ ਅਤੇ ਚੌਕੀ ਇੰਚਾਰਜ ਦੀ ਨਿਗਰਾਨੀ ਹੇਠ ਬਡੂੰਗਰ ਰੋਡ ਸਥਿਤ 66 ਕੇਵੀ ਗਰਿੱਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਬਾਈਕ ਚੋਰੀ ਕਰਨ ਵਾਲੇ ਮੁਲਜ਼ਮ ਚੋਰੀਸ਼ੁਦਾ ਮੋਟਰਸਾਈਕਲ ਵੇਚਣ ਲਈ ਇਲਾਕੇ ’ਚ ਆਏ ਹੋਏ ਹਨ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ ’ਚ ਗਸ਼ਤ ਤੇਜ਼ ਕਰਦਿਆਂ ਬਡੂੰਗਰ ਸ਼ਮਸ਼ਾਨਘਾਟ ਨੇੜੇ ਤਿੰਨਾਂ ਮੁਲਜ਼ਮਾਂ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪੁਲਿਸ ਨੇ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤਾ, ਜਿਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ।
ਬਲਜੀਤ ਸਿੰਘ ਨੇ ਨਾਬਾਲਗਾਂ ਨੂੰ ਦਿਖਾਏ ਸਨ ਵਿਦੇਸ਼ ਜਾਣ ਦੇ ਸੁਪਨੇ
ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਬਲਜੀਤ ਸਿੰਘ ਹੀ ਬਾਈਕ ਚੋਰੀ ਗਿਰੋਹ ਦਾ ਕਥਿਤ ਮਾਸਟਰਮਾਈਂਡ ਹੈ। ਉਸ ਨੇ ਆਪਣੇ ਸੰਪਰਕ ’ਚ ਆਉਣ ਵਾਲੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਖੁੱਲ੍ਹੇ ਖਰਚੇ ਕਰ ਕੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜਲਦੀ ਪੈਸਾ ਕਮਾ ਕੇ ਅਮੀਰ ਬਣਿਆ ਜਾ ਸਕਦਾ ਹੈ ਅਤੇ ਫਿਰ ਕੈਨੇਡਾ ਜਾਂ ਅਮਰੀਕਾ ਜਾ ਕੇ ਸੈਟਲ ਹੋ ਸਕਦੇ ਹਨ। ਵਿਦੇਸ਼ ਜਾਣ ਦੇ ਇਸ ਲਾਲਚ ’ਚ ਆ ਕੇ ਦੋਵੇਂ ਨਾਬਾਲਗ ਬਾਈਕ ਚੋਰੀ ਦੀਆਂ ਵਾਰਦਾਤਾਂ ਕਰਨ ਲੱਗ ਪਏ।
ਕੋਤਵਾਲੀ ਪੁਲਿਸ ਨੇ ਵੀ ਦੋ ਬਾਈਕ ਚੋਰ ਦਬੋਚੇ
ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਵੀ ਬਾਈਕ ਚੋਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਤੇਗਵੀਰ ਸਿੰਘ ਅਤੇ ਕੁਲਜੀਤ ਸਿੰਘ ਵਾਸੀ ਮੁਹੱਲਾ ਧਰਮਪੁਰਾ, ਧੂਰੀ (ਸੰਗਰੂਰ) ਵਜੋਂ ਹੋਈ ਹੈ। ਦੋਵਾਂ ਨੇ ਵਿਕਾਸ ਵਾਸੀ ਦਾਰੂ ਕੁਟੀਆ ਮੁਹੱਲਾ ਦਾ ਮੋਟਰਸਾਈਕਲ ਚੋਰੀ ਕੀਤਾ ਸੀ।
ਸ਼ਿਕਾਇਤਕਰਤਾ ਵਿਕਾਸ ਨੇ ਪੁਲਿਸ ਨੂੰ ਦੱਸਿਆ ਕਿ 22 ਜੂਨ ਦੀ ਰਾਤ ਕਰੀਬ 11 ਵਜੇ ਉਸ ਨੇ ਆਪਣਾ ਮੋਟਰਸਾਈਕਲ ਪੀਰ ਬਾਬਾ ਰੋਡੇ ਸ਼ਾਹ, ਮਾਲ ਰੋਡ ਸਥਿਤ ਦਰਗਾਹ ਦੇ ਬਾਹਰ ਖੜ੍ਹਾ ਕੀਤਾ ਸੀ। ਮੱਥਾ ਟੇਕ ਕੇ ਵਾਪਸ ਆਉਣ 'ਤੇ ਉਸ ਦਾ ਮੋਟਰਸਾਈਕਲ ਗਾਇਬ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਰੀਬ ਡੇਢ ਮਹੀਨੇ ਦੀ ਜਾਂਚ ਉਪਰੰਤ ਦੋਵਾਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।