ਪਟਿਆਲਾ ਦੇ ਨਿੱਜੀ ਸਕੂਲ ਤੋਂ ਲਾਪਤਾ ਲੜਕੀਆਂ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਪਾਣੀਪਤ ਤੋਂ ਮਿਲੀਆਂ ਕੁੜੀਆਂ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੀਆਂ ਦੀ ਭਾਲ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਗਾਤਾਰ ਖੰਗਾਲੀ ਤੇ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਤਕਨੀਕੀ ਢੰਗ ਨਾਲ ਪੈੜ ਨੱਪਦਿਆ ਉਕਤ 14 ਸਾਲਾ ਦੀਆਂ ਤਿੰਨੋਂ ਵਿਦਿਆਰਥਣਾਂ ਐਤਵਾਰ ਨੂੰ ਹਰਿਆਣਾ ਦੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਈਆਂ ਗਈਆਂ ਹਨ।
Publish Date: Mon, 17 Aug 2026 10:53 AM (IST)
Updated Date: Mon, 17 Aug 2026 10:56 AM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ। ਸਥਾਨਕ ਸੇਂਟ ਪੀਟਰ ਅਕੈਡਮੀ (ਸਕੂਲ) ਤੋਂ ਅਚਾਨਕ ਲਾਪਤਾ ਹੋਈਆਂ 9ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਪੁਲਿਸ ਨੇ 28 ਘੰਟਿਆਂ ਅੰਦਰ ਹੀ ਪਾਣੀਪਤ (ਹਰਿਆਣਾ) ਤੋਂ ਬਰਾਮਦ ਕਰ ਲਈਆਂ ਗਈਆਂ। ਸਕੂਲ ’ਚੋਂ ਤਿੰਨ ਨਾਬਾਲਗ ਲੜਕੀਆਂ ਲਾਪਤਾ ਹੋਣ ਦੀ ਘਟਨਾ ਵਾਪਰਨ ਨਾਲ ਸ਼ਹਿਰ ’ਚ ਸਹਿਮ ਦਾ ਮਾਹੌਲ ਸੀ ਅਤੇ ਇਸ ਘਟਨਾ ਦੀ ਸਾਰੇ ਪਾਸੇ ਚਰਚਾ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬੱਚੀਆਂ ਦੀ ਭਾਲ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਗਾਤਾਰ ਖੰਗਾਲੀ ਤੇ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਤਕਨੀਕੀ ਢੰਗ ਨਾਲ ਪੈੜ ਨੱਪਦਿਆ ਉਕਤ 14 ਸਾਲਾ ਦੀਆਂ ਤਿੰਨੋਂ ਵਿਦਿਆਰਥਣਾਂ ਐਤਵਾਰ ਨੂੰ ਹਰਿਆਣਾ ਦੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ 22 ਨੰਬਰ ਫਾਟਕ ਨੇੜੇ ਸਥਿਤ ਸੇਂਟ ਪੀਟਰ ਅਕੈਡਮੀ (ਸਕੂਲ) ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਸਕੂਲ ਦੀਆਂ 9ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਘਰ ਨਹੀਂ ਪਹੁੰਚੀਆਂ।
ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਪਹੁੰਚ ਕੀਤੀ ਤਾਂ ਪਤਾ ਚੱਲਿਆ ਕਿ ਬੱਚੀਆਂ ਸਕੂਲ ’ਚੋਂ ਚਲੀਆਂ ਗਈਆਂ ਹਨ ਜਦਕਿ ਮਾਪਿਆਂ ਦਾ ਸਕੂਲ ਪ੍ਰਬੰਧਕਾਂ ਨੂੰ ਕਹਿਣਾ ਸੀ ਕਿ ਬਿਨਾ ਦੱਸੇ ਬੱਚਿਆਂ ਨੂੰ ਕਿਉਂ ਭੇਜਿਆ ਗਿਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕਰੀਬ 6:30 ਵਜੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਲਈ ਬੱਚੀਆਂ ਨੂੰ ਸਕੂਲ ਛੱਡਿਆ ਸੀ।
10.30 ਵਜੇ ਛੁੱਟੀ ਸਮੇਂ ਜਦੋਂ ਉਹ ਬੱਚੀਆਂ ਨੂੰ ਲੈਣ ਲਈ ਸਕੂਲ ਪਹੁੰਚੇ ਤਾਂ ਤਿੰਨੋਂ ਵਿਦਿਆਰਥਣਾ ਉੱਥੇ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਉਨ੍ਹਾਂ ਦੇ ਜਾਣ ਵਾਲੇ ਰਸਤੇ ਤੇ ਸੰਭਾਵਿਤ ਥਾਵਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਦੇ ਆਉਣ-ਜਾਣ ਸਬੰਧੀ ਡਿਜੀਟਲ ਤਰੀਕੇ ਨਾਲ ਜਾਣਕਾਰੀ ਇਕੱਠੀ ਕਰਕੇ ਪਾਣੀਪਤ ਤੋਂ ਬਰਾਮਦ ਕਰਕੇ ਵਾਪਸ ਪਟਿਆਲਾ ਲਿਆਂਦੀਆਂ। ਖਬਰ ਲਿਖੇ ਜਾਣ ਤੱਕ ਪੁਲਿਸ ਟੀਮ ਉਕਤ ਤਿੰਨੋਂ ਨਾਬਾਲਗ ਵਿਦਿਆਰਥਣਾਂ ਨੂੰ ਲੈਕੇ ਹਰਿਆਣਾ ਤੋਂ ਵਾਪਸ ਆ ਰਹੀ ਸੀ।
ਮਾਮਲਾ ਨਾਜ਼ੁਕ, ਸਾਰੇ ਪੱਖਾਂ ਤੋਂ ਕੀਤੀ ਜਾਵੇਗੀ ਜਾਂਚ ਐਸਪੀ ਸਿਟੀ
ਜਾਣਕਾਰੀ ਦਿੰਦਿਆਂ ਐੱਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਨਿੱਚਰਵਾਰ ਦੁਪਹਿਰ ਨੂੰ ਸੇਂਟ ਪੀਟਰ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਤਕਨੀਕੀ ਢੰਗ ਨਾਲ ਮਾਮਲੇ ਨੂੰ ਸੁਲਝਾਉਂਦਿਆਂ ਲਗਪਗ 28 ਘੰਟਿਆਂ ਅੰਦਰ ਹੀ ਲੜਕੀਆਂ ਨੂੰ ਰੇਲਵੇ ਸਟੇਸ਼ਨ ਪਾਣੀਪਤ ਤੋਂ ਬਰਾਮਦ ਕਰ ਲਿਆ ਗਿਆ ਹੈ।
ਐੱਸ.ਪੀ. ਸਿਟੀ ਨੇ ਦੱਸਿਆ ਕਿ ਦੇਰ ਰਾਤ ਤੱਕ ਬੱਚੀਆਂ ਨੂੰ ਉਨ੍ਹਾਂ ਦੇ ਮਾਪਿਆ ਹਵਾਲੇ ਕਰ ਦਿੱਤਾ ਜਾਵੇਗਾ ਤੇ ਬੱਚੀਆਂ ਤੋਂ ਸਾਰੀ ਘਟਨਾ ਬਾਰੇ ਜਾਣਕਾਰੀ ਹਾਸ਼ਲ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚੀਆਂ ਕਾਰਨ ਮਾਮਲਾ ਨਾਜ਼ੁਕ ਹੈ, ਜਿਸ ਕਾਰਨ ਸਾਰੇ ਪੱਖਾਂ ਤੋਂ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੇ ਪਟਿਆਲਾ ਪਹੁੰਚਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਘਟਨਾ ਤੋਂ ਬਾਅਦ ਤੁਰੰਤ ਐੱਫਆਈਆਰ ਦਰਜ ਕਰ ਲਈ ਸੀ। ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।