ਪੰਜਾਬ ਦੇ ਸਿੱਖਿਆ ਮਾਡਲ 'ਤੇ ਵੱਡਾ ਸਵਾਲ: ਪਟਿਆਲਾ ਦੇ ਦੋ ਪਿੰਡਾਂ ਦੇ ਬੱਚੇ ਹਰਿਆਣਾ 'ਚ ਲੈ ਰਹੇ ਨੇ ਸਿੱਖਿਆ, 3 ਦਹਾਕਿਆਂ ਤੋਂ ਸਰਕਾਰਾਂ ਖ਼ਾਮੋਸ਼ ਸਰਕਾਰ ਤੇ ਪ੍ਰਸ਼ਾਸਨ ਸਿੱਖਿਆ ਪ੍ਰਤੀ ਕਿੰਨੇ ਕੁ ਗੰਭੀਰ ਹਨ, ਇਸ ਦੀ ਮਿਸਾਲ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਦੋ ਪਿੰਡਾਂ ਦੋਂ ਮਿਲਦੀ ਹੈ। ਨੇੜੇ ਕੋਈ ਸਰਕਾਰੀ ਸਕੂਲ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਕਰੀਬ ਦੋ ਦਰਜਨ ਬੱਚੇ ਹਰਿਆਣਾ ਦੇ ਸਕੂਲਾਂ ’ਚ ਪੜ੍ਹਨ ਲਈ ਮਜਬੂਰ ਹਨ। ਦੁਖਾਂਤ ਇਹ ਹੈ ਕਿ ਇਸ ਬਾਰੇ ਨਾ ਤਾਂ ਸਿੱਖਿਆ ਵਿਭਾਗ ਨੂੰ ਇਲਮ ਹੈ ਤੇ ਨਾ ਹੀ ਸਰਕਾਰ ਨੂੰ। ਪੰਜਾਬ ਦੇ ਇਨ੍ਹਾਂ ਬੱਚਿਆਂ ਨੂੰ ਹਰਿਆਣਾ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਪੜ੍ਹਨਾ ਪੈ ਰਿਹਾ ਹੈ। ਇਸ ਕਾਰਨ ਇਹ ਬੱਚੇ ਅਣਜਾਣੇ ’ਚ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੇ ਹਨ।
Publish Date: Tue, 14 Jul 2026 10:23 AM (IST)
Updated Date: Tue, 14 Jul 2026 10:24 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰ ਤੇ ਪ੍ਰਸ਼ਾਸਨ ਸਿੱਖਿਆ ਪ੍ਰਤੀ ਕਿੰਨੇ ਕੁ ਗੰਭੀਰ ਹਨ, ਇਸ ਦੀ ਮਿਸਾਲ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਦੋ ਪਿੰਡਾਂ ਦੋਂ ਮਿਲਦੀ ਹੈ। ਨੇੜੇ ਕੋਈ ਸਰਕਾਰੀ ਸਕੂਲ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਕਰੀਬ ਦੋ ਦਰਜਨ ਬੱਚੇ ਹਰਿਆਣਾ ਦੇ ਸਕੂਲਾਂ ’ਚ ਪੜ੍ਹਨ ਲਈ ਮਜਬੂਰ ਹਨ। ਦੁਖਾਂਤ ਇਹ ਹੈ ਕਿ ਇਸ ਬਾਰੇ ਨਾ ਤਾਂ ਸਿੱਖਿਆ ਵਿਭਾਗ ਨੂੰ ਇਲਮ ਹੈ ਤੇ ਨਾ ਹੀ ਸਰਕਾਰ ਨੂੰ। ਪੰਜਾਬ ਦੇ ਇਨ੍ਹਾਂ ਬੱਚਿਆਂ ਨੂੰ ਹਰਿਆਣਾ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਪੜ੍ਹਨਾ ਪੈ ਰਿਹਾ ਹੈ। ਇਸ ਕਾਰਨ ਇਹ ਬੱਚੇ ਅਣਜਾਣੇ ’ਚ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੇ ਹਨ।
ਪੰਜਾਬ-ਹਰਿਆਣਾ ਦੀ ਹੱਦ ’ਤੇ ਸਥਿਤ ਦੋ ਪਿੰਡਾਂ ਔਜਾਂ ਤੇ ਭਾਗੋਮਾਜਰੀ ਕਰੀਬ ਤਿੰਨ ਦਹਾਕੇ ਪਹਿਲਾਂ ਕੁਝ ਘਰਾਂ ਦੇ ਡੇਰੇ ਸਨ। ਅਬਾਦੀ ਵਧਣ ਨਾਲ ਇਹ ਪਿੰਡਾਂ ਵਜੋਂ ਅਬਾਦ ਹੋ ਗਏ। ਇਨ੍ਹਾਂ ਦੋਵਾਂ ਪਿੰਡਾਂ ਦੇ ਵਿਚਕਾਰ ਇੱਕੋ ਇਕ ਸਕੂਲ ਸੀ ਜੋ ਕਰੀਬ ਤਿੰਨ ਦਹਾਕੇ ਪਹਿਲਾਂ ਬੰਦ ਹੋ ਗਿਆ ਸੀ। ਨੇੜੇ ਕੋਈ ਹੋਰ ਸਰਕਾਰੀ ਸਕੂਲ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਕਰੀਬ ਦੋ ਦਰਜਨ ਬੱਚੇ ਹਰਿਆਣਾ ਦੇ ਵੱਖ-ਵੱਖ ਸਕੂਲਾਂ ਵਿਚ ਜਾਣ ਲਈ ਮਜਬੂਰ ਹਨ। ਇਨ੍ਹਾਂ ਦੇ ਪਿੰਡਾਂ ਦੇ ਬੱਚੇ ਯੁਵਰਾਜ, ਗੁਰਲੀਨ, ਦੀਪ ਗਿੱਲ, ਅਤੀਤ, ਅਰਸ਼, ਹਰਜੋਤ, ਅਰਮਾਨ, ਪ੍ਰਭਜੋਤ ਕੌਰ, ਨਵਜੋਤ, ਸੁਮੀਰ, ਸਮਰਪ੍ਰੀਤ, ਲਵ ਕੁਸ਼ ਤੇ ਏਕਮਜੋਤ ਕੌਰ ਸਮੇਤ ਬਹੁਤ ਸਾਰੇ ਬੱਚੇ ਇਸ ਵੇਲੇ ਪ੍ਰਾਇਮਰੀ ਸਿੱਖਿਆ ਲਈ ਪਿੰਡ ਤੋਂ ਕਰੀਬ ਚਾਰ ਕਿੱਲੋਮੀਟਰ ਦੂਰ ਹਰਿਆਣਾ ਦੇ ਪਿੰਡ ਦਾਬਣ ਖੇੜੀ ਦੇ ਸਕੂਲ ਰੋਜ਼ਾਨਾ ਪੜ੍ਹਨ ਜਾਂਦੇ ਹਨ। ਇਸੇ ਤਰ੍ਹਾਂ ਜਸ਼ਨ ਤੇ ਖੁਸ਼ੀ ਸਮੇਤ ਕਰੀਬ ਅੱਠ ਵਿਦਿਆਰਥੀ ਹਾਈ ਤੇ ਸੈਕੰਡਰੀ ਪੱਧਰ ਦੀ ਪੜ੍ਹਾਈ ਲਈ ਹਰਿਆਣਾ ਦੇ ਪਿੰਡ ਅਗੌਂਦ ਦੇ ਸਰਕਾਰੀ ਸਕੂਲ ’ਚ ਪੜ੍ਹਨ ਜਾ ਰਹੇ ਹਨ। ਇਹ ਸਕੂਲ ਪਿੰਡ ਤੋਂ ਕਰੀਬ 10 ਕਿੱਲੋਮੀਟਰ ਦੂਰ ਪੈਂਦਾ ਹੈ। ਗਰਮੀ ਤੇ ਅੱਤ ਦੀ ਠੰਢ ਦੇ ਦਿਨਾਂ ’ਚ ਇੰਨਾ ਲੰਬਾ ਸਫ਼ਰ ਤੈਅ ਕਰਨਾ ਕਿਸੇ ਤਪੱਸਿਆ ਤੋਂ ਘੱਟ ਨਹੀਂ। ਕੁਝ ਬੱਚੇ ਨਾਲ ਲੱਗਦੇ ਹਰਿਆਣਾ ਦੇ ਪਿੰਡਾਂ ਦੇ ਪ੍ਰਾਈਵੇਟ ਸਕੂਲਾਂ ’ਚ ਵੀ ਪੜ੍ਹਦੇ ਹਨ।
ਪਿੰਡ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਪੈਂਦਾ ਬਾਦਸ਼ਾਹਪੁਰ ਦਾ ਪ੍ਰਾਈਮਰੀ ਸਕੂਲ ਘਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਹੈ। ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਦੂਜੇ ਪਾਸੇ ਦਾਬਣ ਖੇੜੀ ਦਾ ਸਕੂਲ ਕਰੀਬ ਕਿਲੋਮੀਟਰ ਦੂਰ ਹੈ। ਬੱਚਿਆਂ ਦੇ ਆਉਣ ਜਾਣ ਦਾ ਸਾਧਨ ਨਾ ਹੋਣ ਕਾਰਨ ਬਹੁਤੀ ਵਾਰੀ ਉਨ੍ਹਾਂ ਨੂੰ ਹੀ ਬੱਚਿਆਂ ਨੂੰ ਸਕੂਲ ਲਿਜਾਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਮਜਬੂਰੀ ਵਿਚ ਹਰਿਆਣਾ ਦੇ ਸਕੂਲ ਵਿਚ ਬੱਚੇ ਭੇਜਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਬਹੁਤੇ ਬੱਚੇ ਪੈਦਲ ਹੀ ਰੋਜ਼ਾਨਾ ਤਿੰਨ ਚਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਕੂਲ ਜਾਂਦੇ ਹਨ।
ਮਾਂ ਬੋਲੀ ਤੋਂ ਦੂਰ ਹੋ ਰਹੇ ਹਨ ਬੱਚੇ : ਮਹਿਲੀਆ ਪੰਜਾਬੀ ਬਾਲ ਸਾਹਿਤਕਾਰ ਬਾਜ ਸਿੰਘ ਮਹਿਲੀਆ ਨੇ ਪੰਜਾਬ ਦੇ ਪਿੰਡਾਂ ਨਾਲ ਸਬੰਧਤ ਵਿਦਿਆਰਥੀਆਂ ਦੇ ਹਰਿਆਣਾ ਦੇ ਸਕੂਲਾਂ ’ਚ ਪੜ੍ਹਨ ਜਾਣ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਜਾਏ ਹਰਿਆਣਾ ਦੇ ਸਕੂਲ ’ਚ ਪੜ੍ਹਨ ਕਾਰਨ ਇਹ ਬੱਚੇ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਜਾ ਸਕਦੇ ਹਨ। ਹਰਿਆਣਾ ’ਚ ਪੰਜਾਬੀ ਦੂਜੀ ਭਾਸ਼ਾ ਦੇ ਤੌਰ ’ਤੇ ਪੜ੍ਹਾਈ ਜਾਂਦੀ ਹੈ। ਇਸ ਕਰ ਕੇ ਬੱਚੇ ਆਪਣੀ ਮਾਂ ਬੋਲੀ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਸਕੂਲਾਂ ਵੱਲ ਖਾਸ ਧਿਆਨ ਦਿੱਤਾ ਜਾਵੇ।
ਸਰਕਾਰ ਪਿੰਡ ਦਾ ਬੰਦ ਪਿਆ ਸਕੂਲ ਚਾਲੂ ਕਰੇ : ਸਰਪੰਚ ਪਿੰਡ ਔਜਾਂ ਦੀ ਸਰਪੰਚ ਮਨਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਔਜਾਂ ਤੇ ਭਾਗੋਮਾਜਰੀ ਦੋਵਾਂ ਪਿੰਡਾਂ ਵਿਚਕਾਰ ਇਕ ਸਰਕਾਰੀ ਪ੍ਰਾਇਮਰੀ ਸਕੂਲ ਹੁੰਦਾ ਸੀ, ਜੋ ਕਰੀਬ 30 ਸਾਲ ਪਹਿਲਾਂ ਬੰਦ ਹੋ ਚੁੱਕਾ ਹੈ। ਇਸ ਸਕੂਲ ਦੀ ਇਮਾਰਤ ਵੀ ਖੰਡਰ ਹੋ ਚੁੱਕੀ ਹੈ। ਮੌਜੂਦਾ ਸਮੇਂ ’ਚ ਇਨ੍ਹਾਂ ਪਿੰਡਾਂ ’ਚ ਜਾਂ ਆਸ-ਪਾਸ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਮੌਜੂਦ ਨਹੀਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਪਿੰਡ ਦੇ ਬੰਦ ਪਿਆ ਸਕੂਲ ਚਾਲੂ ਕਰੇ।
ਮਾਮਲਾ ਧਿਆਨ ’ਚ ਨਹੀਂ : ਜਿਲ੍ਹਾ ਸਿੱਖਿਆ ਅਫ਼ਸਰ ਪੰਜਾਬ ਦੇ ਬੱਚਿਆਂ ਦੇ ਜਦੋਂ ਹਰਿਆਣਾ ਦੇ ਸਕੂਲਾਂ ’ਚ ਪੜ੍ਹਣ ਜਾਣ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸ਼ਾਲੂ ਮਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ। ਫਿਰ ਵੀ ਉਹ ਇਸ ਮਾਮਲੇ ਦੀ ਪੜਤਾਲ ਕਰ ਕੇ ਹਰਿਆਣਾ ਦੇ ਸਕੂਲਾਂ ’ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਵਾਪਸ ਪੰਜਾਬ ਦੇ ਸਕੂਲਾਂ ’ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਮੰਤਰੀ ਨਾਲ ਗੱਲ ਕਰਾਂਗੇ : ਵਿਧਾਇਕ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਸੂਬੇ ਦੀ ਆਪ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਸੂਬੇ ਨੂੰ ਨੰਬਰ ਇੱਕ ’ਤੇ ਲਿਆਂਦਾ ਹੈ। ਉਕਤ ਪਿੰਡਾਂ ਦੇ ਬੱਚਿਆਂ ਦਾ ਹਰਿਆਣਾ ਦੇ ਸਕੂਲਾਂ ’ਚ ਪੜ੍ਹਨ ਜਾਣ ਦਾ ਮਾਮਲਾ ਮੰਦਭਾਗਾ ਹੈ। ਉਹ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਨਗੇ