
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੂਰਤੀਆਂ ਦੀ ਸਥਾਪਨਾ ਲਈ ਭੂਮੀ ਪੂਜਨ ਰਾਜਨੀਤਿਕ ਅਤੇ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਿਰਕਤ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਬ੍ਰਾਹਮਣ ਸਭਾ ਸਮਾਣਾ ਰਜਿ. ਵੱਲੋਂ ਪ੍ਰਧਾਨ ਕੈਲਾਸ਼ ਸ਼ਰਮਾ ਦੀ ਅਗਵਾਈ ਹੇਠ ਪਰਸ਼ੂਰਾਮ ਧਰਮਸ਼ਾਲਾ ਵਿਖੇ ਨਵੇਂ ਬਣਨ ਵਾਲੇ ਮੰਦਿਰ ਦੀ ਉਸਾਰੀ ਦਾ ਕਾਰਜ ਵੀਰਵਾਰ ਨੂੰ ਹਵਨ ਯੱਗ ਤੇ ਪੂਜਾ ਅਰਚਨਾ ਉਪਰੰਤ ਸ਼ੁਰੂ ਕਰ ਦਿੱਤਾ ਗਿਆ। ਮੰਦਿਰ ਦਾ ਨੀਂਹ ਪੱਥਰ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਇਸ ਮੌਕੇ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ, ਭਗਵਾਨ ਸ਼ਿਵ ਜੀ ਅਤੇ ਮਹਾਵੀਰ ਬਜਰੰਗ ਬਲੀ ਜੀ ਦੇ ਮੰਦਿਰ ਦੀ ਉਸਾਰੀ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਬੁਲਾਰਿਆਂ ਨੇ ਕਿਹਾ ਕਿ ਧਾਰਮਿਕ ਸਥਾਨ ਸਮਾਜ ਨੂੰ ਆਪਣੀ ਵਿਰਾਸਤ, ਸੰਸਕ੍ਰਿਤੀ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਮੰਦਿਰ ਵਿੱਚ ਭਗਵਾਨ ਪਰਸ਼ੂਰਾਮ, ਭਗਵਾਨ ਸ਼ਿਵ ਅਤੇ ਮਹਾਵੀਰ ਬਜਰੰਗ ਬਲੀ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਧਰਮਸ਼ਾਲਾ ਦਾ ਧਾਰਮਿਕ ਮਹੱਤਵ ਹੋਰ ਵਧੇਗਾ। ਸਮਾਗਮ ਵਿਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਜਗਮੀਤ ਸਿੰਘ ਹਰਿਆਊ ਸਮੇਤ ਵੱਖ-ਵੱਖ ਆਗੂ, ਧਾਰਮਿਕ ਸ਼ਖਸੀਅਤਾਂ ਅਤੇ ਇਲਾਕਾ ਵਾਸੀ ਹਾਜ਼ਰ ਸਨ। ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ। ਅੰਤ ਵਿਚ ਪ੍ਰਧਾਨ ਕੈਲਾਸ਼ ਸ਼ਰਮਾ ਅਤੇ ਸਮੁੱਚੀ ਟੀਮ ਨੇ ਸਾਰਿਆਂ ਦਾ ਧੰਨਵਾਦ ਕੀਤਾ।