ਬਾਰਿਸ਼ ’ਚ ਰੁੜ ਗਏ ਭਵਾਨੀਗੜ੍ਹ ਨਗਰ ਕੌਂਸਲ ਦੇ ਦਾਅਵੇ ਬਾਰਿਸ਼ ’ਚ ਰੁੜ ਗਏ ਭਵਾਨੀਗੜ੍ਹ ਨਗਰ ਕੌਂਸਲ ਦੇ ਦਾਅਵੇ
Publish Date: Sat, 11 Jul 2026 05:22 PM (IST)
Updated Date: Sun, 12 Jul 2026 04:04 AM (IST)
ਅਨਾਜ ਮੰਡੀ ਝੀਲ ’ਚ ਹੋਈ ਤਬਦੀਲ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਬਾਰਿਸ਼ ਨੇ ਨਗਰ ਕੌਂਸਲ ਦੇ ਸੀਵਰੇਜ ਅਤੇ ਡਰੇਨੇਜ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੀਂਹ ਰੁਕਣ ਤੋਂ ਬਾਅਦ ਵੀ ਸ਼ਹਿਰ ਦੇ ਕਈ ਇਲਾਕੇ ਲੰਬੇ ਸਮੇਂ ਤੱਕ ਪਾਣੀ ਵਿੱਚ ਡੁੱਬੇ ਰਹੇ, ਅਨਾਜ ਮੰਡੀ ਨੇ ਤਾਂ ਝੀਲ ਚ ਤਬਦੀਲ ਹੋ ਗਈ। ਹਾਲਾਤ ਅਜਿਹੇ ਬਣ ਗਏ ਕਿ ਲੋਕ ਮੀਂਹ ਦੇ ਪਾਣੀ ਨਾਲ ਨਹੀਂ, ਸਗੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਜੂਝਦੇ ਨਜ਼ਰ ਆਏ। ਸ਼ਹਿਰ ਦੀ ਅਨਾਜ ਮੰਡੀ, ਜੈਨ ਕਲੋਨੀ, ਦਸ਼ਮੇਸ਼ ਨਗਰ, ਨਵਾਂ ਬੱਸ ਅੱਡਾ, ਮੇਨ ਬਾਜ਼ਾਰ, ਹਸਪਤਾਲ ਰੋਡ, ਬਲਿਆਲ ਰੋਡ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਦੋ-ਪਹੀਆ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਹਨ ਪਾਣੀ ਵਿੱਚ ਬੰਦ ਹੋ ਗਏ। ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਗੰਦੇ ਪਾਣੀ ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ। ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਮੇਨ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ਵਿੱਚ ਗੰਦਾ ਪਾਣੀ ਭਰਨ ਕਾਰਨ ਗਾਹਕਾਂ ਦੀ ਆਵਾਜਾਈ ਨਾ ਮਾਤਰ ਰਹੀ, ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋਇਆ। ਹਸਪਤਾਲ ਰੋਡ ਤੇ ਵੀ ਪਾਣੀ ਖੜ੍ਹਾ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਸੀਵਰੇਜ ਦੀ ਸਫ਼ਾਈ ਨਾ ਹੋਣ, ਨਾਲਿਆਂ ਦੀ ਢੰਗ ਨਾਲ ਦੇਖਭਾਲ ਨਾ ਕਰਨ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਇਹ ਸਮੱਸਿਆ ਹਰ ਸਾਲ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਗੰਦਾ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਫੈਲਣ ਨਾਲ ਬਦਬੂ ਦੇ ਨਾਲ-ਨਾਲ ਡੇਂਗੂ, ਮਲੇਰੀਆ, ਦਸਤ, ਟਾਈਫਾਇਡ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਵੱਲੋਂ ਵੀ ਪ੍ਰਭਾਵਿਤ ਇਲਾਕਿਆਂ ਵਿੱਚ ਫੌਗਿੰਗ, ਦਵਾਈਆਂ ਦਾ ਛਿੜਕਾਅ ਅਤੇ ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਜਾਮ ਪਏ ਸੀਵਰੇਜ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।