- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ ਪੰਜਾਬ ਨੇ ਠੰਡੀ ਵਾਦੀਆਂ ’ਚ ਕਰਵਾਈ ਸੰਗੀਤਕ ਸ਼ਾਮ

ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਦੇਹਰਾਦੂਨ ’ਚ ਭਗਵਾਨ ਸਿੰਘ ਯੂਨੀਵਰਸਿਟੀ ਬਾਲਾਵਾਲਾ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ। ਜਿਸ ਦੌਰਾਨ ਉੱਘੇ ਸੂਫ਼ੀ ਗਾਇਕ ਯਾਕੂਬ ਤੇ ਸੱਭਿਆਚਾਰਕ ਗਾਇਕੀ ਦੇ ਮੁਦਈ ਰੰਗਲੇ ਸਰਦਾਰਾਂ ਦੀ ਟੀਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਉੱਤਰਾਖੰਡ ਦੇ ਸੱਭਿਆਚਾਰਕ ਸਕੱਤਰ ਜੁਗਲ ਕਿਸ਼ੋਰ ਪੰਤ ਮੁੱਖ ਮਹਿਮਾਨ ਵਜੋਂ ਪਹੁੰਚੇ। ਗੌਰਵ ਭਾਰਤੀ ਸਿੱਖਿਆ ਸੰਸਥਾਨ ਦੇ ਗਵਰਨਿੰਗ ਕੌਂਸਲ ਮੈਂਬਰ ਪ੍ਰੋ. ਏ.ਐਸ. ਬਰਾੜ, ਸੰਸਥਾਨ ਦੇ ਚੇਅਰਮੈਨ ਐਸਪੀ ਸਿੰਘ ਤੇ ਪ੍ਰਧਾਨ ਪ੍ਰੋ. ਗੌਰਵਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਦੇਹਰਾਦੂਨ ਦੇ ਪੰਜਾਬੀ ਭਾਈਚਾਰੇ ਨੇ ਵੀ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੇਜ਼ਬਾਨ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜੇ. ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤਕ ਸ਼ਾਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਪੁੱਜੇ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਸੁਰੀਲੀ ਆਵਾਜ਼ ’ਚ ‘ਆਵੋ ਨੀ ਸਈਓ ਮੈਂ ਵਰ ਪਾਇਆ..’, ‘ਲੰਬੀ ਜੁਦਾਈ’, ‘ਕੱਤਿਆ ਕਰੂ ਤੇਰੀ ਰੂੰ’, ‘ਦਿਲ ਨਹੀਂ ਲੱਗਦਾ ਮੇਰਾ..’, ‘ਸੱਜਣਾਂ ਦਾ ਸਹਾਰਾ ਏ..’, ‘ਕਾਵਾਂ ਸੁਣ ਕਾਵਾਂ..’, ਆਦਿ ਗੀਤਾਂ ਨਾਲ ਸਮਾਗਮ ’ਚ ਸ਼ਾਮਲ ਹਰ ਵਰਗ ਦੇ ਸਰੋਤੇ ਨੂੰ ਝੂੰਮਣ ਲਗਾ ਦਿੱਤਾ। ਯਾਕੂਬ ਨੇ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਦਮਾ-ਦਮ ਮਸਤ ਕਲੰਦਰ’ ਗੀਤ ਨਾਲ ਆਪਣੀ ਪੇਸ਼ਕਾਰੀ ਨੂੰ ਵਿਰਾਮ ਦਿੱਤਾ। ਫਿਰ ‘ਰੰਗਲੇ ਸਰਦਾਰ’ ਟੀਮ ਨੇ ਆਜ਼ਮ ਖਾਨ ਦੀ ਅਗਵਾਈ ’ਚ ਗਾਇਕਾਂ ਸਬਰ ਸਿੰਘ ਖੋਖਰ, ਜਸਕਰਨ ਗਿੱਲ ਤੇ ਮਨਿੰਦਰ ਬਰਾੜ ਨਾਲ ਮਿਲ ਕੇ ਆਪਣੇ ਚਰਚਿਤ ਗੀਤ ‘ਕੌਣ ਕਿਸੇ ਦਾ ਕਰਦਾ ਏ..’ ਨਾਲ ਮਿਲ ਕੇ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ‘ਦੁਨੀਆ ਸੁਣਦੀ ਐ..’, ‘ਸ਼ੁਦੈਣ ਕਰਤਾ..’, ‘ਦੋ ਤਾਰਾ ਵਜਦਾ ਵੇ..’, ‘ਆ ਜਾ ਦੋਵੇਂ ਨੱਚੀਏ..’, ‘ਪਿੰਡ ਦਿਆ ਮੁੰਡਿਆਂ ਦੀ..’ ਗੀਤਾਂ ਨਾਲ ਸਭ ਨੂੰ ਨੱਚਣ ਲਗਾ ਦਿੱਤਾ। ਇਸ ਟੀਮ ਨੇ ਬੋਲੀਆਂ ਪਾ ਕੇ ਸੰਗੀਤਕ ਸ਼ਾਮ ਸਿਖਰ ਤੇ ਪਹੁੰਚਾ ਕੇ ਇਸ ਦੀ ਸਮਾਪਤੀ ਕੀਤੀ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਡਾਇਰੈਕਟਰ ਭਾਸ਼ਾਵਾਂ ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਮਹਿਮਾਨਾਂ ਦਾ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ। ਮੇਜ਼ਬਾਨ ਯੂਨੀਵਰਸਿਟੀ ਦੇ ਮੈਨੇਜਰ ਜ਼ੋਰਾਵਰ ਸਿੰਘ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਦੇ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਮੋਗਾ, ਮਨਜੀਤ ਪੁਰੀ ਫ਼ਰੀਦਕੋਟ ਤੇ ਡਾ. ਸੰਦੀਪ ਸ਼ਰਮਾ ਲੁਧਿਆਣਾ, ਪ੍ਰਿੰ. ਰਾਜੇਸ਼ ਮੋਹਨ ਫ਼ਰੀਦਕੋਟ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਲਿਖਾਰੀ ਕੁਮਾਰ ਜਗਦੇਵ ਸਿੰਘ ਬਰਾੜ ਸਮੇਤ ਡੈਲੀਗੇਟਸ ਤੇ ਲੇਖਕ ਹਾਜ਼ਰ ਸਨ।