ਜਥੇਦਾਰ ਬਘੌਰਾ ਨੇ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਮੰਗ ਪੱਤਰ
ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਮੰਗ ਪੱਤਰ
Publish Date: Sat, 14 Feb 2026 05:04 PM (IST)
Updated Date: Sat, 14 Feb 2026 05:06 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਸ਼ੰਭੂ : ਸੁਖਜੀਤ ਸਿੰਘ ਬਘੌਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਜੋ ਫਿਰੋਜ਼ਪੁਰ ਤੋਂ ਚੱਲ ਕੇ ਵਾਇਆ ਪਟਿਆਲਾ ਰਾਹੀਂ ਦਿੱਲੀ ਜਾਂਦੀ ਹੈ, ਉਸ ਦਾ ਰਾਜਪੁਰਾ ਜੰਕਸ਼ਨ ’ਤੇ ਠਹਿਰਾਓ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰਾਜਪੁਰਾ ਇੱਕ ਵੱਡਾ ਜੰਕਸ਼ਨ ਹੈ ਅਤੇ ਇੱਥੇ ਟਰੇਨ ਦਾ ਰੁਕਣਾ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਹੈ। ਸਥਾਨਕ ਵਾਸੀਆਂ ਵੱਲੋਂ ਵੀ ਇਸ ਮੰਗ ਨੂੰ ਜ਼ੋਰਦਾਰ ਸਮਰਥਨ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਅਕਾਲ ਤਖਤ ਐਕਸਪ੍ਰੈੱਸ ਟ੍ਰੇਨ ਨੰਬਰ 12317/12318 ਅਤੇ ਗੁਰਮਖੀ ਐਕਸਪ੍ਰੈੱਸ ਟ੍ਰੇਨ ਨੰਬਰ 12325/12326, ਜੋ ਪਟਨਾ ਸਾਹਿਬ ਜਾਂਦੀਆਂ ਹਨ, ਨੂੰ ਰੋਜ਼ਾਨਾ ਚਲਾਇਆ ਜਾਵੇ ਅਤੇ ਰਾਜਪੁਰਾ ਸਟੇਸ਼ਨ ’ਤੇ ਠਹਿਰਾਉ ਦਿੱਤਾ ਜਾਵੇ। ਜਥੇਦਾਰ ਬਘੌਰਾ ਨੇ ਕਿਹਾ ਕਿ ਕੁਝ ਟਰੇਨਾਂ ਜੋ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਰੂਟ ’ਤੇ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਵਾਇਆ ਰਾਜਪੁਰਾ, ਸਰਹਿੰਦ, ਖੰਨਾ ਅਤੇ ਲੁਧਿਆਣਾ ਚਲਾਇਆ ਜਾਵੇ ਅਤੇ ਸਾਰੀਆਂ ਸਬੰਧਿਤ ਟਰੇਨਾਂ ਦਾ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਠਹਿਰਾਓ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਬੰਦ ਕੀਤਾ ਗਿਆ ਸਿਨੀਅਰ ਸਿਟੀਜ਼ਨ ਕੋਟਾ ਮੁੜ ਬਹਾਲ ਕੀਤਾ ਜਾਵੇ, ਤਾਂ ਜੋ ਬਜ਼ੁਰਗ ਯਾਤਰੀਆਂ ਨੂੰ ਪਹਿਲਾਂ ਵਾਂਗ ਸਹੂਲਤ ਮਿਲ ਸਕੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਇਹ ਮੰਗਾਂ ਲੋਕ ਹਿੱਤ ਵਿੱਚ ਹਨ ਅਤੇ ਰਾਜਪੁਰਾ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਦੀਆਂ ਜਾਇਜ਼ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।