ਮੁੱਖ ਮੰਤਰੀ ਨੂੰ ਮਿਲਣ ਪੁੱਜੇ ਬੇਰੁਜ਼ਗਾਰਾਂ ਦੀ ਮੀਟਿੰਗ ਇੰਚਾਰਜ ਨਾਲ ਕਰਵਾਈ
ਮੁੱਖ ਮੰਤਰੀ ਨੂੰ ਮਿਲਣ ਪੁੱਜੇ ਬੇਰਜਗਾਰਾਂ ਦੀ ਮੀਟਿੰਗ ਇੰਚਾਰਜ ਨਾਲ ਕਰਵਾਈ
Publish Date: Mon, 30 Mar 2026 05:01 PM (IST)
Updated Date: Mon, 30 Mar 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਲਕਾ ਸਨੌਰ ਅੰਦਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪੁੱਜੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਜਿੱਥੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਸਵਾਲ ਕਰਨੇ ਸਨ, ਪ੍ਰੰਤੂ ਰਹਿੰਦੇ ਸਮੇਂ ਹੀ ਪ੍ਰਸ਼ਾਸਨ ਵੱਲੋਂ ਸ਼ਨਾਖਤ ਕਰਕੇ ਬੇਰੁਜ਼ਗਾਰਾਂ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਲਲਿਤਾ ਤੇ ਹਰਦੀਪ ਕੌਰ ਨੂੰ ਹਲਕਾ ਇੰਚਾਰਜ ਰਣਜੋਧ ਸਿੰਘ ਹੰਡਾਣਾ ਨਾਲ ਮਿਲਵਾਇਆ ਗਿਆ। ਬੇਰੁਜ਼ਗਾਰਾਂ ਦੀ ਮੰਗ ਸੀ ਕਿ ਮੁੱਖ ਮੰਤਰੀ ਉਮਰ ਹੱਦ ਛੋਟ ਦੇਣ ਦੀ ਗੱਲ ਕਰਦੇ ਸਨ ਬੇਰੁਜ਼ਗਾਰਾਂ ਨਾਲ ਬੈਠ ਕੇ ਮੀਟਿੰਗ ਕਰਨ। ਪ੍ਰੰਤੂ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਬਾਬਤ ਉਨ੍ਹਾਂ ਦੀ ਮੀਟਿੰਗ ਇੰਚਾਰਜ ਨਾਲ ਕਰਵਾ ਕੇ ਬੁੱਤਾ ਸਾਰ ਦਿੱਤਾ। ਬੇਰੁਜ਼ਗਾਰ ਆਗੂਆਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਸਿੱਖਿਆ ਤੇ ਸਿਹਤ ਵਿਭਾਗ ’ਚ ਚਾਰ ਸਾਲਾਂ ਵਿਚ ਇਕ ਵੀ ਨਵੀਂ ਭਰਤੀ ਜਾਰੀ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ। ਮਾਸਟਰ ਕੇਡਰ ਵਿਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਰੱਦ ਕੀਤਾ ਜਾਵੇ। ਸਿਹਤ ਵਿਭਾਗ ਵਿੱਚ ਮਲਟੀਪਲ ਤੇ ਹੱਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ਅਤੇ ਆਰਟ ਐਂਡ ਕਰਾਫਟ ਦੀਆਂ 250 ਜਾਰੀ ਪੋਸਟਾਂ ਦਾ ਲਿਖਤੀ ਪੇਪਰ ਲਿਆ ਜਾਵੇ। ਇਸ ਮੌਕੇ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਹਲਕਾ ਇੰਚਾਰਜ ਨੇ ਭਰੋਸਾ ਦਿੱਤਾ ਕਿ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਵਾਈ ਜਾਵੇਗੀ। ਇਸ ਮੌਕੇ ਬੇਰੁਜ਼ਗਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਹਨਾਂ ਦਾ ਪੱਕਾ ਮੋਰਚਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਪਿਛਲੇ ਕਰੀਬ 100 ਦਿਨ ਤੋ ਅਣਮਿਥੇ ਸਮੇਂ ਲਈ ਜਾਰੀ ਹੈ। ਉਹ ਆਪਣੀਆਂ ਮੰਗਾਂ ਲਈ ਮੁੜ 12 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕਰਨਗੇ।