ਬਾਸਮਤੀ ਝੋਨੇ ਦੇ ਭਾਅ ਤੇਜ ,1509 ਨੇ ਛੂਹਿਆ 4500 ਦਾ ਅੰਕੜਾ ਬਾਸਮਤੀ ਝੋਨੇ ਦੇ ਭਾਅ ਤੇਜ ,1509 ਨੇ ਛੂਹਿਆ 4500 ਦਾ ਅੰਕੜਾ
Publish Date: Wed, 30 Sep 2026 03:55 PM (IST)
Updated Date: Thu, 01 Oct 2026 04:01 AM (IST)
ਬਾਸਮਤੀ ਝੋਨੇ ਦੇ ਰੇਟਾਂ ਦਾ ਵਧਣਾ ਕਾਸ਼ਤਕਾਰਾਂ ਲਈ ਰਾਹਤ ਵਾਲੀ ਗੱਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੱਛਮੀ ਦੇਸ਼ਾਂ ਵਿੱਚ ਜੰਗ ਦੀ ਸਥਿਤੀ ਦੇ ਚਲਦਿਆਂ ਲਾਲ ਸਾਗਰ, ਹਰਮੋਜ ਦੇ ਸਮੁੰਦਰੀ ਰਸਤਿਆਂ ਵਿੱਚ ਰੁਕਾਵਟਾਂ, ਵਧੇ ਹੋਏ ਕਿਰਾਏ ਅਤੇ ਹੋਰ ਖਰਚਿਆਂ ਤੋਂ ਇਲਾਵਾ ਅਮਰੀਕੀ ਟੈਰਫ ਸਬੰਧੀ ਅਨਿਸ਼ਚਿਤਤਾ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ਵਿੱਚ ਲਗਾਤਾਰ ਤੇਜੀ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਦਦ ਮਿਲੀ ਹੈ ਕਿਉਂਕਿ ਪੰਜਾਬ ਸਮੇਤ ਲਹਿਰਾਗਾਗਾ ਦੀ ਮੰਡੀ ਵਿੱਚ 1509 ਕਿਸਮ ਦਾ ਬਾਸਮਤੀ ਝੋਨਾ ਅੱਜ 4400 ਤੋਂ ਲੈ ਕੇ 4500 ਤੱਕ ਦੇ ਪੱਧਰ ਤੇ ਪਹੁੰਚ ਚੁੱਕਿਆ ਹੈ। ਜਦੋਂ ਕਿ ਪਿਛਲੇ ਸਾਲ ਇਹੀ ਭਾਅ 3200 ਤੋਂ ਲੈ ਕੇ 3500 ਰੁਪਏ ਪ੍ਰਤੀ ਕੁਇੰਟਲ ਤੱਕ ਰਹੇ ਸਨ। ਵਧੇ ਭਾਅ ਕਰਨ ਕਾਸ਼ਤਕਾਰਾਂ ਨੂੰ ਭਾਰੀ ਰਾਹਤ ਮਿਲੀ ਹੈ, ਜਿਸ ਕਾਰਨ ਉਮੀਦ ਹੈ ਕਿ ਉਨ੍ਹਾਂ ਦਾ ਆਰਥਿਕ ਪੱਖੋਂ ਹੱਥ ਮੋਕਲਾ ਹੋਵੇਗਾ। ਬਾਸਮਤੀ ਜੀਰੀ ਦੇ ਇਹ ਰੇਟ ਦੇਸ਼ ਵਿੱਚ ਸਟਾਕ ਦੀ ਕਮੀ, ਵਧ ਰਹੀ ਖਪਤ ਤੇ ਨਿਰਯਾਤਕਾਂ ਵੱਲੋਂ ਨਵੀਂ ਫਸਲ ਦੀ ਖਰੀਦ ਹੀ ਮੁੱਖ ਕਾਰਨ ਹਨ। ਸਥਾਨਕ ਬਾਸਮਤੀ ਦੇ ਆਰਐਸ ਰਾਈਸ ਮਿਲ ਲਹਿਰਾ, ਐਸਪੀ ਰਾਈਸ ਮਿਲ ਪਾਤੜਾਂ, ਚਿਮਨ ਲਾਲ ਗਿਆਨ ਚੰਦ ਪਾਤੜਾਂ, ਰਮਨ ਬਿਹਾਰੀ ਰਾਇਸ ਮਿਲ ਲਹਿਰਾ ਸਮੇਤ ਹੋਰ ਵੀ ਖਰੀਦਾਰਾਂ ਨੇ ਦੱਸਿਆ ਕਿ ਭਾਰਤ ਨੇ 2025-26 ਦੌਰਾਨ 65 ਲੱਖ ਟਨ ਤੋਂ ਵੱਧ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ ਸੀ। ਜਿਸ ਤੋਂ 50.138 ਕਰੋੜ ਰੁਪਏ ਦਾ ਵਿਦੇਸ਼ੀ ਧਨ ਪ੍ਰਾਪਤ ਹੋਇਆ ਸੀ। ਸਾਊਦੀ ਅਰਬ, ਇਰਾਨ, ਇਰਾਕ ਅਤੇ ਯਮਨ ਭਾਰਤੀ ਬਾਸਮਤੀ ਦੇ ਪ੍ਰਮੁੱਖ ਬਾਜ਼ਾਰ ਹਨ, ਜਦਕਿ ਅਮਰੀਕਾ ਦਾ ਵੀ ਇਸ ਵਿੱਚ ਮਹੱਤਵਪੂਰਨ ਹਿੱਸਾ ਹੈ। ਵਧੇ ਕਿਰਾਏ ਅਤੇ ਖਰਚਿਆਂ ਦੇ ਬਾਵਜੂਦ ਵੀ ਬਾਸਮਤੀ ਝੋਨੇ ਦੀ ਖਰੀਦ ਜਾਰੀ ਹੈ। ਵਪਾਰੀਆਂ ਨੂੰ ਸਰਦੀਆਂ ਦੇ ਮਹੀਨਿਆਂ ਵਿੱਚ ਖਾਸ ਕਰ ਕੇ ਦਸੰਬਰ ਤੋਂ ਫਰਵਰੀ ਦੌਰਾਨ ਮੱਧ ਪੂਰਬ ਵਿੱਚ ਬਾਸਮਤੀ ਦੀ ਮੰਗ ਵਧਣ ਦੀ ਉਮੀਦ ਹੈ ਸਥਾਨਕ ਸ਼ਹਿਰ ਸਮੇਤ ਹੋਰ ਵੀ ਮਿਲ ਮਾਲਕਾਂ ਨੇ ਉਮੀਦ ਜਤਾਈ ਕਿ ਜੇਕਰ 1509 ਝੋਨੇ ਦੇ ਭਾਅ 4400- 4500 ਰੁਪਏ ਟਿਕੇ ਰਹਿੰਦੇ ਹਨ ਤਾਂ ਬਾਸਮਤੀ ਕੁਆਲਿਟੀ 1121 ਅਤੇ 1401 ਮੁੱਛਲ ਵਰਗੇ ਬਾਸਮਤੀ ਝੋਨੇ ਦੇ ਭਾਅ ਨੂੰ ਵੀ ਵਧੀਆ ਹੁਲਾਰਾ ਮਿਲ ਸਕਦਾ ਹੈ।