ਬਨੂੜ ਅਨਾਜ ਮੰਡੀ ’ਚ ਕਣਕ ਦੀ ਆਮਦ ਸ਼ੁਰੂ : ਦੋ ਢੇਰੀਆ ਮੰਡੀ ’ਚ ਪੁੱਜੀ
ਬਨੂੜ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸੁਰੂ: ਦੋ ਢੇਰੀਆ ਮੰਡੀ ਵਿੱਚ ਪੁੱਜੀ
Publish Date: Tue, 31 Mar 2026 04:33 PM (IST)
Updated Date: Tue, 31 Mar 2026 04:37 PM (IST)

ਅਸ਼ਵਿੰਦਰ ਸਿੰਘ, •ਪੰਜਾਬੀ ਜਾਗਰਣ, •ਬਨੂੜ : ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਪਿੰਡ ਮਨੌਲੀ ਸੂਰਤ ਦਾ ਕਿਸਾਨ ਗੁਰਪ੍ਰੀਤ ਸਿੰਘ ਤੇ ਪਿੰਡ ਪੱਤੋ ਦਾ ਕਿਸਾਨ ਬਹਾਦਰ ਸਿੰਘ ਆਪੋ-ਆਪਣੀ ਕਣਕ ਲੈ ਕੇ ਮੰਡੀ ਵਿਚ ਪੁੱਜੇ। ਆੜ੍ਹਤੀਆਂ ਨੇ ਮੰਡੀ ਵਿਚ ਕਣਕ ਲੈ ਕੇ ਪੁੱਜੇ ਕਿਸਾਨਾਂ ਦਾ ਸਵਾਗਤ ਕੀਤਾ ਹੈ। ਗਿਆਨ ਚੰਦ ਐਂਡ ਸੰਨਜ ਦੀ ਆੜ੍ਹਤ ਤੇ ਕਣਕ ਲੈ ਕੇ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਤਿੰਨ ਕਿੱਲਿਆ ਦੀ ਕਣਕ ਕਟਾਈ ਹੈ, ਜੋ ਅੱਜ ਮੰਡੀ ਵਿੱਚ ਲੈ ਕੇ ਆਇਆ ਹੈ ਅਤੇ ਉਸ ਦੀ ਹੋਰ ਕਣਕ ਵੀ ਖੇਤ ਵਿਚ ਪੱਕੀ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੇੜੇ ਉਸਾਰੀ ਅਧੀਨ ਐਕਸਪ੍ਰੈਸ ਹਾਈਵੇ ਨਾਲ ਬਰਸਾਤੀ ਪਾਣੀ ਦੇ ਨਿਕਾਸ ਬੰਦ ਹੋਣ ਕਾਰਨ ਇਨਾਂ ਤਿੰਨ ਕਿੱਲਿਆ ’ਚ ਪਾਣੀ ਖੜ੍ਹਨ ਕਾਰਨ ਕਣਕ ਨੁਕਸਾਨੀ ਗਈ ਹੈ। ਜਿਸ ਕਾਰਨ ਕਣਕ ਦਾ ਨਿਕਾਲ ਘੱਟ ਨਿਕਲਿਆ ਹੈ, ਪਰ ਬਾਕੀ ਕਣਕ ਦੀ ਫਸਲ ਠੀਕ ਹੈ ਅਤੇ ਚੰਗਾ ਝਾੜ ਨਿਕਲਣ ਦੀ ਆਸ ਹੈ। ਉਸ ਨੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਕੱਲ ਦੀ ਬਣੀ ਹੋਈ ਬਦਲਵਾਈ ਨੇ ਸਾਹ ਸੁੱਤੇ ਪਏ ਹਨ। ਰੱਬ ਖੈਰ ਕਰੇ। ਇਸੇ ਤਰ੍ਹਾਂ ਬਹਾਦਰ ਸਿੰਘ ਪੱਤੋ ਸੱਤ ਕਿੱਲਿਆ ਦੀ ਕਣਕ ਐਸ ਜੇ ਟਰੇਡਰਜ਼ ਕੋਲ ਲੈ ਕੇ ਆਇਆ। ਉਨ੍ਹਾਂ ਦੱਸਿਆ ਕਿ ਉਨਾਂ ਦੀ ਸਮੁੱਚੀ ਕਣਕ ਪੱਕ ਚੁੱਕੀ ਹੈ, ਪਰ ਬਦਲਵਾਈ ਕਾਰਨ ਉਹ ਸਰਕਾਰੀ ਖਰੀਦ ਦੀ ਹੋਰ ਉਡੀਕ ਨਹੀ ਕਰ ਸਕਿਆ। ਦੋਵੇਂ ਕਿਸਾਨਾਂ ਦੀ ਮੰਡੀ ਪੁੱਜੀ ਕਣਕ ਨੂੰ ਆੜ੍ਹਤੀਆਂ ਨੇ ਸੁਕਾ ਕੇ ਰੱਖ ਲਿਆ ਹੈ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਆੜਤੀ ਪੁਨੀਤ ਜੈਨ ਨੇ ਖੁਸ਼ੀ ਜਾਹਿਰ ਕੀਤੀ ਹੈ ਤੇ ਕਿਸਾਨਾਂ ਨੂੰ ਜੀਆਇਆ ਕਿਹਾ ਹੈ। ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਗੁਰਨਾਮ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਗੁਰਮੀਤ ਸਿੰਘ ਨੇ ਕਿਹਾ ਕਿ ਉਨਾਂ ਖਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਫੜ੍ਹਾਂ ਦੀ ਸਫਾਈ, ਲਾਇਟ, ਪਾਣੀ, ਪਖਾਨਿਆ ਆਦਿ ਦਾ ਪ੍ਰਬੰਧ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦੀ ਦਿੱਤੀ ਜਾਵੇਗੀ, ਬਸਰਤੇ ਉਹ ਸੁੱਕੀ ਕਣਕ ਮੰਡੀ ਵਿੱਚ ਲੈ ਕੇ ਆਉਣ।