- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕ ਮੁਲਾਜ਼ਮਾਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਪੰਜ ਦਿਨਾਂ ਦਾ ਵਰਕਿੰਗ ਵੀਕ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਕਰੀਬ ਅੱਠ ਲੱਖ ਬੈਂਕ ਅਧਿਕਾਰੀ ਤੇ ਮੁਲਾਜ਼ਮ ਇਕ ਦਿਨ ਦੀ ਹੜਤਾਲ ’ਤੇ ਰਹੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐੱਫਬੀਯੂ) ਦੇ ਸੱਦੇ ’ਤੇ ਪਬਲਿਕ ਸੈਕਟਰ, ਨਿੱਜੀ, ਵਿਦੇਸ਼ੀ, ਖੇਤਰੀ ਪੇਂਡੂ ਤੇ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਹੜਤਾਲ ਵਿਚ ਹਿੱਸਾ ਲਿਆ। ਪਟਿਆਲਾ ਵਿਚ ਵੀ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸ਼ੇਰਾਂਵਾਲਾ ਗੇਟ ਸਥਿਤ ਐੱਸਬੀਆਈ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਪ੍ਰਦਰਸ਼ਨ ਦੌਰਾਨ ਏਆਈਬੀਓਸੀ ਪੰਜਾਬ ਦੇ ਸਕੱਤਰ ਅਤੇ ਐੱਸਬੀਆਈ ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸਰਹਿੰਦੀ ਨੇ ਕਿਹਾ ਕਿ ਬੈਂਕਿੰਗ ਖੇਤਰ ਵਿਚ ਪੰਜ ਦਿਨਾਂ ਦਾ ਵਰਕਿੰਗ ਵੀਕ ਲਾਗੂ ਕਰਨ ਅਤੇ ਬਾਕੀ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਐਲਾਨਣ ਦੀ ਮੰਗ ਲੰਮੇ ਸਮੇਂ ਤੋਂ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਬੈਂਕਾਂ ਵਿਚ ਸਿਰਫ਼ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੜਤਾਲ ਕਾਰਨ ਜ਼ਿਲ੍ਹੇ ਦੇ ਪਬਲਿਕ ਸੈਕਟਰ ਬੈਂਕਾਂ ਦੀਆਂ 250 ਤੋਂ ਵੱਧ ਬ੍ਰਾਂਚਾਂ ਵਿਚ ਕੰਮਕਾਜ ਠੱਪ ਰਿਹਾ। ਇਸ ਦੌਰਾਨ ਮੁੱਖ ਤੌਰ ’ਤੇ ਲੋਨ ਪ੍ਰੋਸੈਸਿੰਗ ਤੇ ਚੈੱਕ ਭੁਗਤਾਨ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਯੂਐੱਫਬੀਯੂ ਆਗੂਆਂ ਨੇ ਦੱਸਿਆ ਕਿ ਸਾਲ 2015 ਵਿਚ ਹੋਏ 10ਵੇਂ ਦੋ-ਪੱਖੀ ਸਮਝੌਤੇ ਅਤੇ 7ਵੇਂ ਸਾਂਝੇ ਨੋਟ ਵਿਚ ਇਸ ਸਬੰਧੀ ਸਹਿਮਤੀ ਬਣੀ ਸੀ। ਸਾਲ 2022 ਵਿਚ ਸਰਕਾਰ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਇਸ ਮੁੱਦੇ ’ਤੇ ਚਰਚਾ ਕੀਤੀ ਗਈ ਸੀ। ਸਾਲ 2023 ਵਿਚ ਇਹ ਤੈਅ ਕੀਤਾ ਗਿਆ ਸੀ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕੰਮ ਦੇ ਘੰਟਿਆਂ ਵਿਚ 40 ਮਿੰਟ ਦਾ ਵਾਧਾ ਕਰਕੇ ਬਾਕੀ ਸ਼ਨਿੱਚਰਵਾਰਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਯੂਨੀਅਨ ਆਗੂਆਂ ਮੁਤਾਬਕ ਸਬੰਧਤ ਸਿਫ਼ਾਰਸ਼ ਪਿਛਲੇ ਕਰੀਬ ਦੋ ਸਾਲਾਂ ਤੋਂ ਸਰਕਾਰ ਦੀ ਮਨਜ਼ੂਰੀ ਲਈ ਲੰਬਿਤ ਹੈ। ਬੈਂਕ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਯੂਐੱਫਬੀਯੂ ਨੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ 11 ਸਤੰਬਰ ਦੀ ਇਕ ਦਿਨ ਦੀ ਹੜਤਾਲ ਤੋਂ ਬਾਅਦ 28, 29 ਅਤੇ 30 ਸਤੰਬਰ ਨੂੰ ਤਿੰਨ ਦਿਨਾਂ ਦੀ ਹੜਤਾਲ ਅਤੇ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿੱਤੀ ਖੇਤਰ ਦੇ ਆਰਬੀਆਈ, ਐੱਲਆਈਸੀ ਅਤੇ ਜੀਐੱਨਸੀ ਵਿਚ ਪਹਿਲਾਂ ਹੀ ਪੰਜ ਦਿਨਾਂ ਦਾ ਵਰਕਿੰਗ ਵੀਕ ਲਾਗੂ ਹੈ। ਕੇਂਦਰ ਤੇ ਸੂਬਾ ਸਰਕਾਰ ਦੇ ਦਫ਼ਤਰਾਂ ਤੋਂ ਇਲਾਵਾ ਸਟਾਕ ਐਕਸਚੇਂਜ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਬੈਂਕਿੰਗ ਸੇਵਾਵਾਂ ਲਈ ਡਿਜੀਟਲ ਅਤੇ ਹੋਰ ਬਦਲਵੇਂ ਮਾਧਿਅਮ ਉਪਲਬਧ ਹਨ, ਇਸ ਲਈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਦੇ ਘੰਟੇ ਵਧਾ ਕੇ ਸ਼ਨੀਵਾਰ ਨੂੰ ਛੁੱਟੀ ਦੇਣ ਨਾਲ ਗਾਹਕਾਂ ਨੂੰ ਵੱਡੀ ਪਰੇਸ਼ਾਨੀ ਨਹੀਂ ਹੋਵੇਗੀ।