ਬੈਂਕ ਮੁਲਾਜ਼ਮਾਂ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ ਬੈਂਕ ਮੁਲਾਜ਼ਮਾਂ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ
Publish Date: Sun, 25 Oct 2026 04:27 PM (IST)
Updated Date: Mon, 26 Oct 2026 04:01 AM (IST)
ਕਿਹਾ–ਸਰਕਾਰ ਹੱਕੀ ਮੰਗਾਂ ਨੂੰ ਕਰ ਰਹੀ ਅਣਗੌਲਿਆਂ, ਬੈਂਕ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਦਾ ਮੰਗਿਆ ਹੱਲ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਹੱਕੀ ਤੇ ਜਾਇਜ ਮੰਗਾਂ ਪੂਰੀਆਂ ਕਰਨ ਦੀ ਮੰਗ ਨੂੰ ਲੈ ਕੇ ਲੈਂਡ ਮਾਰਗੇਜ਼ ਬੈਂਕ ਮੁਲਾਜ਼ਮਾਂ ਨੇ ਐਤਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੇਕੇ ਜੋ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਲਗਾਤਾਰ ਦਿੱਤੇ ਜਾ ਰਹੇ ਧਰਨੇ ਵਿੱਚ ਪਟਿਆਲਾ,ਸੰਗਰੂਰ,ਲੁਧਿਆਣਾ,ਬਰਨਾਲਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਲੈਂਡ ਮਾਰਗੇਜ਼ ਬੈਂਕ ਮੁਲਾਜ਼ਮਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗਿੱਲ, ਵਿਸ਼ਵਦੀਪ ਸਿੰਘ ਬਰਾੜ , ਗਗਨਦੀਪ ਸਿੰਘ ਢਿੱਲੋਂ, ਮੁਨੀਸ਼ ਅਗਰਵਾਲ, ਪੁਸ਼ਪਿੰਦਰ ਸਿੰਘ ਸਮਰਾਓ, ਸੱਤਪਾਲ ਨਕਟੇ ਅਤੇ ਰਾਜੂ ਖੁਰਾਣਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲੈਂਡ ਮਾਰਗੇਜ਼ ਬੈਂਕ ਦੇ ਮੁਲਾਜ਼ਮਾਂ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਬੈਂਕਾਂ ਵਿੱਚ ਕਰਜ਼ਾ ਨੀਤੀ ਚਾਲੂ ਕਰਨ ਅਤੇ ਕਿਸਾਨਾਂ ਦੇ ਧਰਨਿਆਂ ਕਾਰਨ ਬੰਦ ਪਈਆਂ ਬੈਂਕ ਦੀਆਂ ਸ਼ਾਖਾਵਾਂ ਖੋਲ੍ਹਣ ਲਈ ਢੁਕਵੇਂ ਕਦਮ ਚੁੱਕਣ ਨੂੰ ਯਕੀਨੀ ਬਣਾਵੇ। ਬੁਲਾਰਿਆਂ ਨੇ ਆਖਿਆ ਕਿ ਕਰਮਚਾਰੀਆਂ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਸਬੰਧੀ ਪਿਛਲੇ ਲਗਭਗ 5 ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਯੂਨੀਅਨ ਵੱਲੋਂ ਸਮੇਂ-ਸਮੇਂ ਤੇ ਪੰਜਾਬ ਸਰਕਾਰ ਅਤੇ ਬੈਂਕ ਮੈਨੇਜਮੈਂਟ ਦੇ ਧਿਆਨ ਵਿੱਚ ਆਪਣੀ ਮੰਗ ਲਿਆਂਦੀ ਜਾਂਦੀ ਰਹੀ ਹੈ। ਲੇਕਿਨ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਬਰਕਰਾਰ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਨਾਲ ਇਸ ਦਾ ਵਿੱਤੀ ਬੋਝ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਤੇ ਨਹੀਂ ਪਵੇਗਾ। ਬੈਂਕ ਵੱਲੋਂ ਆਪਣੇ ਖੁਦ ਦੇ ਫੰਡਾਂ ਤੇ ਉਪਲਬਧ ਵਿੱਤੀ ਸਰੋਤਾਂ ’ਚੋਂ ਹੀ ਤਨਖਾਹ ਕਮਿਸ਼ਨ ਦੇ ਲਾਭ ਅਤੇ ਬਣਦੇ ਏਰੀਅਰ ਦੀ ਅਦਾਇਗੀ ਕੀਤੀ ਜਾਵੇਗੀ।