- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੂਰਵੈਦਿਕ ਹਸਪਤਾਲ ਵੱਲੋਂ ਖਰੀਦੀਆਂ ਦਵਾਈਆਂ ਦੇ 50 ਫੀਸਦ ਤੋਂ ਵੱਧ ਸੈਂਪਲ ਫੇਲ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸਰਕਾਰੀ ਹਸਪਤਾਲਾਂ ਸਮੇਤ ਹੋਰ ਮੈਡੀਕਲ ਸੇਵਾਵਾਂ ਨੂੰ ਦਰੁਸਤ ਕਰਕੇ ਸਿਹਤ ਕ੍ਰਾਂਤੀ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਹੀ ਆਯੂਰਵੈਦਿਕ ਵਿਭਾਗ ਵੱਲੋਂ ਖਰੀਦੀਆਂ ਦਵਾਈਆਂ ’ਚੋਂ ਅੱਧੀਆਂ ਤੋਂ ਵੱਧ ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ, ਜਿਸ ਨਾਲ ਸਿਹਤ ਨਾਲ ਖਿਲਵਾੜ ਹੋਣ ਦੇ ਖਦਸੇ ਦੇ ਨਾਲ ਨਾਲ ਸਿਹਤ ਕ੍ਰਾਂਤੀ ਦੇ ਦਾਅਵਿਆਂ ’ਤੇ ਵੀ ਸਵਾਲੀਆਂ ਨਿਸ਼ਾਨ ਲੱਗਦੇ ਹਨ। ਜਾਂਚ ਲੈਬੋਰਟਰੀ ਨੇ ਸਬੰਧਤ ਵਿਭਾਗ ਨੂੰ ਪੱਤਰ ਜਾਰੀ ਕਰਦਿਆਂ ਆਖਿਆ ਗਿਆ ਹੈ ਕਿ ਜਿਨ੍ਹਾਂ ਦਵਾਈਆਂ ਦੇ ਸੈਂਪਲ ਮਿਆਰੀ ਮਾਪਦੰਡਾਂ ਅਨੁਸਾਰ ਨਹੀਂ ਪਾਏ ਗਏ ਉਨ੍ਹਾਂ ਦਵਾਈਆਂ ਦੀ ਵੰਡ ਨਾ ਕੀਤੀ ਜਾਵੇ ਤੇ ਸਬੰਧਤ ਫਰਮ ਨੂੰ ਸੂਚਿਤ ਕੀਤਾ ਜਾਵੇ। ਜਾਣਕਾਰੀ ਅਨੁਸਾਰ ਸੂਬੇ ਦੇ ਇੱਕੋ ਇੱਕ ਸਰਕਾਰੀ ਆਯੂਰਵੈਦਿਕ ਹਸਪਤਾਲ ਪਟਿਆਲਾ ਵੱਲੋਂ ਨੈਸ਼ਨਲ ਆਯੂਸ਼ ਮਿਸ਼ਨ (ਐਨਏਐਮ) ਤਹਿਤ 12 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ 41 ਕਿਸਮ ਦੀਆਂ ਆਯੂਰਵੈਦਿਕ ਦਵਾਈਆਂ ਦੀ ਖਰੀਦ ਉੱਤਾਰਖੰਡ ਦੀ ਸੀਡੀਐਫ (ਕੌਪਰੇਟਿਵ ਡਰੱਗ ਫੈਕਟਰੀ) ਰਾਣੀਖੇਤ ਅਤੇ ਕਰਨਾਟਕਾ ਐਂਟੀਬਾਓਟਿਕਸ ਆਦਿ ਫਰਮਾਂ ਤੋਂ ਕੀਤੀ ਗਈ ਸੀ, ਜਿਨ੍ਹਾਂ ’ਚ 41 ਵਿਚੋਂ 21 ਸੈਂਪਲ ਨਾਨ ਸਟੈਂਡਰਡ ਭਾਵ ਫੇਲ ਪਾਏ ਗਏ ਹਨ ਜਦਕਿ 20 ਸੈਂਪਲ ਮਿਆਰੀ ਪਾਏ ਗਏ ਹਨ। ਗੌਰਮਿੰਟ ਡਰੱਗ ਟੈਸਟਿੰਗ ਲੈਬੋਰਟਰੀ ਪਟਿਆਲਾ ਵੱਲੋਂ 41 ਸੈਂਪਲਾਂ ਦੀ ਜਾਰੀ ਰਿਪੋਰਟ ’ਚ ਦਰਸਾਇਆ ਗਿਆ ਹੈ ਕਿ ਕਿਹੜੀਆਂ ਕਿਹੜੀਆਂ ਦਵਾਈਆਂ ਦੇ ਸੈਂਪਲ ਸਟੈਂਡਰਡ ਹਨ ਅਤੇ ਕਿਹੜੇ ਨਾਨ ਸਟੈਂਡਰਡ ਹਨ, ਜਿਨ੍ਹਾਂ ਦੀ ਵਰਤੇ ’ਤੇ ਪਾਬੰਦੀ ਹੈ। ਲੈਬੋਰਟਰੀ ਜਾਂਚ ਰਿਪੋਰਟਰ ਅਨੁਸਾਰ ਸੀਡੀਐਫ ਤੋਂ ਖਰੀਦੀਆਂ ਦਵਾਈਆਂ ’ਚੋਂ 20 ਦਵਾਈਆਂ ਤੇ ਕਰਨਾਟਕਾ ਐਂਟੀਬਾਓਟਿਕਸ ਤੋਂ ਖਰੀਦੀਆਂ ਦਵਾਈਆਂ ’ਚੋਂ ਇਕ ਦਵਾਈ ਦੇ ਸੈਂਪਲ ਨਾਨ-ਸਟੈਂਡਰਡ ਪਾਏ ਗਏ ਹਨ। ਸੂਤਰਾਂ ਅਨੁਸਾਰ ਹਸਪਤਾਲ ਮੈਨੇਜਮੈਂਟ ਵੱਲੋਂ ਖਰੀਦੀ ਗਈਆਂ ਦਵਾਈਆਂ ਦੀ ਪੇਮੈਂਟ ਵੀ 31 ਮਾਰਚ ਤੱਕ ਕਰ ਦਿੱਤੀ ਗਈ ਜਦੋਂ ਕਿ ਖਰੀਦੀਆਂ ਗਈਆਂ ਦਵਾਈਆਂ ਦੀ ਜਾਂਚ ਰਿਪੋਰਟ ਬਾਅਦ ’ਚ ਆਈ ਹੈ।