ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਸਬੰਧੀ ਦਿੱਤੀ ਜਾਣਕਾਰੀ ਆਯੁਰਵੇਦਾ ਵੈਲਨੈੱਸ ਕਨੈਕਟ-26 ਸਫ਼ਲਤਾਪੂਰਵਕ ਕਰਵਾਇਆ
Publish Date: Wed, 30 Sep 2026 04:22 PM (IST)
Updated Date: Thu, 01 Oct 2026 04:01 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਮਾਲਵਾ ਖੇਤਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸੰਗਰੂਰ ਵਿਖੇ ਸਿਹਤ ਸੰਭਾਲ, ਤੰਦਰੁਸਤ ਜੀਵਨ-ਜਾਚ ਅਤੇ ਸਰਵਪੱਖੀ ਤੰਦਰੁਸਤੀ ਵਿੱਚ ਆਯੁਰਵੇਦ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਆਯੁਰਵੇਦਾ ਵੈਲਨੈੱਸ ਕਨੈਕਟ-26’ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਕਾਨਫ਼ਰੰਸ ਹਾਲ ਵਿੱਚ ਕਰਵਾਏ ਇਸ ਸਮਾਗਮ ਦੌਰਾਨ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ’ਚ ਲਖਵਿੰਦਰ ਸਿੰਘ, ਮਾਰਕੀਟਿੰਗ ਮੈਨੇਜਰ, ਜੀਨਾ ਸੀਖੋ ਲਾਈਫ ਕੇਅਰ ਲਿਮਟਿਡ ਤੋਂ ਇਲਾਵਾ ਡਾ. ਨਵਨੀਤ ਕੌਰ, ਡਾ. ਆਯੂਸ਼ ਅਤੇ ਡਾ. ਅਕਸ਼ੈ, ਮੈਡੀਕਲ ਅਫ਼ਸਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਅਤੇ ਕੈਂਪਸ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਦੀ ਅਗਵਾਈ ਹੇਠ ਹੋਈ। ਬੁਲਾਰਿਆਂ ਨੇ ਆਯੁਰਵੇਦ ਦੇ ਅਮੀਰ ਵਿਰਸੇ ਅਤੇ ਸਰੀਰ, ਮਨ ਤੇ ਜੀਵਨ-ਸ਼ੈਲੀ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਇਸ ਦੀ ਸਰਵਪੱਖੀ ਪਹੁੰਚ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜੋਕੀ ਭੱਜ-ਦੌੜ ਵਾਲੀ ਜੀਵਨ-ਸ਼ੈਲੀ ਵਿੱਚ ਸਿਹਤ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰਨ, ਸਿਹਤਮੰਦ ਆਦਤਾਂ ਅਪਣਾਉਣ ਅਤੇ ਰੋਜ਼ਾਨਾ ਜੀਵਨ ਵਿੱਚ ਸੰਤੁਲਿਤ ਜੀਵਨ-ਜਾਚ ਨੂੰ ਤਰਜੀਹ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਵੀ ਲਾਇਆ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਦੇ ਸਿਹਤ ਸਬੰਧੀ ਟੈੱਸਟ ਕੀਤੇ ਗਏ ਅਤੇ ਲੋੜ ਅਨੁਸਾਰ ਸਿਹਤ ਤੇ ਇਲਾਜ ਸਬੰਧੀ ਸਲਾਹ ਦਿੱਤੀ ਗਈ। ਇਸ ਮੌਕੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਭਾਈ ਗੁਰਦਾਸ ਗਰੁੱਪ ਵੱਲੋਂ ਵਿਦਿਆਰਥੀਆਂ ਤੇ ਸਟਾਫ਼ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ। ਸਮਾਗਮ ਦੀ ਸਮਾਪਤੀ ਮੌਕੇ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਪਹੁੰਚੇ ਮਹਿਮਾਨਾਂ ਤੇ ਮਾਹਿਰ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਬਲਜਿੰਦਰ ਕੌਰ ਜਵੰਧਾ, ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ, ਐੱਮ.ਡੀ. ਭਾਈ ਗੁਰਦਾਸ ਗਰੁੱਪ ਨੇ ਵੀ ਮਹਿਮਾਨਾਂ ਦਾ ਧੰਨਵਾਦ ਕੀਤਾ।