
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਚ.ਪੀ.ਵੀ. ਟੀਕਾਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਤੇ ਸਿਵਲ ਸਰਜਨ ਪਟਿਆਲਾ ਡਾ.ਸੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਿਹਤ ਵਿਦਿਆਰਥੀਆਂ ਨੂੰ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਸਬੰਧੀ ਜਾਗਰੂਕ ਕਰਨ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਵਿਖੇ ਐਚਪੀਵੀ ਟੀਕਾਕਰਨ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਐਚਪੀਵੀ ਵਾਇਰਸ, ਇਸ ਦੇ ਪ੍ਰਭਾਵਾਂ, ਬਚਾਅ ਦੇ ਤਰੀਕਿਆਂ ਅਤੇ ਟੀਕਾਕਰਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਲਈ ਐਚ.ਪੀ.ਵੀ. ਟੀਕਾਕਰਨ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਐੱਚਪੀਵੀ ਇਕ ਆਮ ਵਾਇਰਸ ਹੈ ਅਤੇ ਇਸ ਦੀ ਲਾਗ ਤੋਂ ਬਚਾਅ ਲਈ ਟੀਕਾਕਰਨ ਇੱਕ ਮਹੱਤਵਪੂਰਨ ਰੋਕਥਾਮੀ ਉਪਾਅ ਹੈ। ਐੱਚਪੀਵੀ ਦੀ ਲਾਗ ਕੁਝ ਮਾਮਲਿਆਂ ਵਿਚ ਅੱਗੇ ਚੱਲ ਕੇ ਕੈਂਸਰ ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਖਾਸ ਤੌਰ ’ਤੇ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਐਚਪੀਵੀ ਟੀਕਾਕਰਨ ਤੇ ਸਮੇਂ ਸਿਰ ਸਿਹਤ ਜਾਂਚ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡਾ.ਇਸ਼ਿਤਾ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਟੀਕਾਕਰਨ ਬਿਮਾਰੀਆਂ ਦੀ ਰੋਕਥਾਮ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਸੈਮੀਨਾਰ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਐਚਪੀਵੀ ਤੇ ਇਸ ਤੋਂ ਬਚਾਅ ਸਬੰਧੀ ਪ੍ਰਾਪਤ ਜਾਣਕਾਰੀ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਵੀ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮਾਡਲ ਟਾਊਨ ਡਾ.ਲਵਕੇਸ਼ ਕੁਮਾਰ, ਪ੍ਰਿੰਸੀਪਲ ਭਗਵੰਤ ਸਿੰਘ, ਡਾ.ਜਿਤੰਦਰ ਕੌਰ, ਡਾ.ਕਿਰਨ, ਰਾਜਿੰਦਰ ਸਿੰਘ, ਜਸਕਿਰਨ ਕੌਰ, ਨਵਜੋਤ ਕੌਰ, ਮਾਸ ਮੀਡੀਆ ਵਿੰਗ ਦੀ ਟੀਮ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।