- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਖੋਜ ਦਫ਼ਤਰ ਦਾ ਆਟੋਮੇਸ਼ਨ ਸਾਫਟਵੇਅਰ ‘ਪ੍ਰਿਜ਼ਮ’ ਜਾਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡੀਨ ਖੋਜ ਦਫ਼ਤਰ ਵੱਲੋਂ ਖੋਜ ਤੇ ਅਕਾਦਮਿਕ ਕਾਰਜਾਂ ਨੂੰ ਡਿਜੀਟਲ ਤਰੀਕੇ ਨਾਲ ਸੁਚਾਰੂ ਬਣਾਉਣ ਲਈ ਤਿਆਰ ਕਰਵਾਇਆ ਗਿਆ। ਆਟੋਮੇਸ਼ਨ ਸਾਫਟਵੇਅਰ ‘ਪ੍ਰਿਜ਼ਮ’ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਿੰਡੀਕੇਟ ਰੂਮ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ। ਇਸ ਸਾਫਟਵੇਅਰ ਨੂੰ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਪ੍ਰਸ਼ਾਸਕੀ ਅਤੇ ਖੋਜ ਕਾਰਜਾਂ ਨੂੰ ਤੇਜ਼, ਪਾਰਦਰਸ਼ੀ ਤੇ ਸਮੇਂ ਦਾ ਹਾਣੀ ਬਣਾਉਣ ਲਈ ਆਟੋਮੇਸ਼ਨ ਬੇਹੱਦ ਜ਼ਰੂਰੀ ਹੈ। ਇਸ ਸਾਫਟਵੇਅਰ ਨਾਲ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਦਫ਼ਤਰੀ ਪ੍ਰਕਿਰਿਆਵਾਂ ’ਚ ਤੇਜ਼ੀ ਆਵੇਗੀ। ਉਨ੍ਹਾਂ ਸਾਫਟਵੇਅਰ ਵਿਕਸਤ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ। ਡੀਨ ਖੋਜ ਪ੍ਰੋ. ਰਿਤੂ ਲਹਿਲ ਨੇ ਦੱਸਿਆ ਕਿ ‘ਪ੍ਰਿਜ਼ਮ’ ਰਾਹੀਂ ਖੋਜਾਰਥੀਆਂ ਦੇ ਦਾਖਲੇ, ਸਿਨੋਪਸਿਸ, ਰਜਿਸਟ੍ਰੇਸ਼ਨ ਅਤੇ ਖੋਜ ਦੇ ਵੱਖ-ਵੱਖ ਪੜਾਵਾਂ ਦਾ ਰਿਕਾਰਡ ਡਿਜੀਟਲ ਰੂਪ ’ਚ ਸੰਭਾਲਿਆ ਜਾ ਸਕੇਗਾ। ਸਮਾਰੋਹ ’ਚ ਰਜਿਸਟਰਾਰ ਪ੍ਰੋ. ਅਜੀਤਾ, ਸਹਾਇਕ ਡੀਨ ਖੋਜ ਡਾ. ਮਿੰਨੀ ਸਿੰਘ, ਵੱਖ-ਵੱਖ ਫੈਕਲਟੀਆਂ ਦੇ ਡੀਨ, ਵਿਭਾਗ ਮੁਖੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।