- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਦੀ ਸਰਕਾਰ ’ਚ ਇਨਸਾਫ਼ ਦੀ ਆਵਾਜ਼ ਚੁੱਕਣ ਵਾਲਿਆਂ ’ਤੇ ਢਾਹਿਆ ਜਾ ਰਿਹੈ ਜੁਲਮ: ਗੇਜਾ ਰਾਮ/ ਜਰਨੈਲ ਸਿੰਘ ਸ਼ੇਖਪੁਰਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ’ਚ ਵੱਧ ਰਹੇ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣ ਵਾਲੇ ਵਿਧਾਨ ਸਭਾ ਹਲਕਾ ਦਿਡ਼੍ਹਬਾ ਦੇ ਪਿੰਡ ਛਾਜਲੀ ਵਾਲੇ ਲੋਕ ਇਨਸਾਫ ਪਾਰਟੀ ਦੇ ਆਗੂ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਅਤੇ ਸੈਂਟਰਲ ਵਾਲਮੀਕੀ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਭਾਜਪਾ ਜਰਨੈਲ ਸਿੰਘ ਸ਼ੇਖਪੁਰਾ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਗੇਜਾ ਰਾਮ ਤੇ ਜਰਨੈਲ ਸਿੰਘ ਸ਼ੇਖਪੁਰਾ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਗਰੀਬਾਂ, ਦਲਿਤਾਂ ਅਤੇ ਇਨਸਾਫ਼ ਦੀ ਆਵਾਜ਼ ਚੁੱਕਣ ਵਾਲਿਆਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਸੂਬੇ ’ਚ ਵੱਧ ਰਹੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਨੂੰ ਲਗਾਤਾਰ ਜ਼ਲੀਲ ਕੀਤਾ ਅਤੇ ਡਰਾਇਆ-ਧਮਕਾਇਆ ਗਿਆ, ਜਿਸ ਕਾਰਨ ਉਸ ਨੂੰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇਗੀ। ਇਸ ਮੌਕੇ ਹੋਰ ਵੀ ਭਾਜਪਾ ਆਗੂ ਤੇ ਵਰਕਰ ਉਨ੍ਹਾਂ ਨਾਲ ਮੌਜੂਦ ਸਨ।