ਜੀਸੀਐਮ ਸਕੂਲ ਦੇ ਖੇਡਾਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜੀਸੀਐਮ ਸਕੂਲ ਦੇ ਖੇਡਾਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ
Publish Date: Sat, 31 Oct 2026 04:29 PM (IST)
Updated Date: Sun, 01 Nov 2026 04:02 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਜੀਸੀਐੱਮ ਕਾਨਵੈਂਟ ਸਕੂਲ ਦਿੜ੍ਹਬਾ ਅੰਦਰ ਉਸ ਸਮੇਂ ਇਕ ਮੇਲੇ ਦੀ ਮਾਹੌਲ ਬਣ ਗਿਆ ਜਦੋਂ ਸਕੂਲ ਦੇ ਖੇਡਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਉਪ-ਮੰਡਲ ਮੈਜਿਸਟ੍ਰੇਟ ਦਿੜ੍ਹਬਾ ਤਰਸੇਮ ਚੰਦ ਭਾਗਸਰ ਨੇ ਖੁਦ ਆਪਣੇ ਹੱਥੀਂ ਮੈਡਲ ਅਤੇ ਇਨਾਮ ਤਕਸੀਮ ਕਰਕੇ ਇਨ੍ਹਾਂ ਜੁਝਾਰੂ ਵਿਦਿਆਰਥੀਆਂ ਦਾ ਮਾਣ ਵਧਾਇਆ। ਤੀਰਅੰਦਾਜ਼ੀ ਦੇ ਨਿਸ਼ਾਨੇ, ਜੂਡੋ ਦੇ ਦਾਅ-ਪੇਚ, ਕੁੰਗ ਫੂ ਵੁਸ਼ੂ ਦੀ ਫੁਰਤੀ, ਰਗਬੀ ਦੀ ਤਾਕਤ, ਕਿੱਕ ਬਾਕਸਿੰਗ ਦੇ ਜੌਹਰ ਅਤੇ ਪਾਵਰਲਿਫਟਿੰਗ ਦੇ ਲੋਹੇ ਵਰਗੇ ਜੁੱਸੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਬੱਚੇ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਨੈਸ਼ਨਲ ਪੱਧਰੀ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਕਰ ਰਹੇ ਹਨ। ਜਦੋਂ ਇੱਕ-ਇੱਕ ਹੋਣਹਾਰਾਂ ਨੂੰ ਐਸਡੀਐਮ ਤਰਸੇਮ ਚੰਦ ਭਾਗਸਰ ਵੱਲੋਂ ਇਨਾਮ ਅਤੇ ਸਨਮਾਨ ਭੇਂਟ ਕੀਤੇ ਗਏ, ਤਾਂ ਹਰ ਇੱਕ ਦੀ ਅੱਖ ਵਿੱਚ ਆਪਣੇ ਪਿੰਡ, ਸਕੂਲ ਅਤੇ ਪੰਜਾਬ ਲਈ ਕੁੱਝ ਕਰ ਕਰਨ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਇਨਾਂ ਵਿਦਿਆਰਥੀਆਂ ਨੈਸ਼ਨਲ ਪੱਧਰ ਉਤੇ 13 ਸਿਲੈਕਸ਼ਨਾਂ ਹੋਈਆਂ ਜਿਸ ਵਿੱਚ ਜੰਨਤ ਕੌਰ ਸਵੀਮਿੰਗ ਵਿੱਚ 3 ਗੋਲਡ ਮੈਡਲ ਜਿੱਤ ਕੇ ਨੈਸ਼ਨਲ ਲਈ ਚੁਣੀ ਗਈ। ਜਪਜੀ ਕੌਰ ਜਵੰਧਾ ਤੀਰਅੰਦਾਜ਼ੀ ਵਿੱਚ 3 ਗੋਲਡ ਮੈਡਲ ਜਿੱਤ ਕੇ ਐਸਜੀਐਫਆਈ ਨੈਸ਼ਨਲ ਵਿੱਚ ਐਂਟਰੀ ਮਾਰੀ। ਜਸਪ੍ਰੀਤ ਕੌਰ ਤੀਰਅੰਦਾਜ਼ੀ 1 ਗੋਲਡ, 1 ਸਿਲਵਰ ਨਾਲ ਐਸਜੀਐਫਆਈ ਨੈਸ਼ਨਲ ਲਈ ਚੁਣੀ ਗਈ। ਮਨਜੋਤ ਕੌਰ ਤੀਰਅੰਦਾਜ਼ੀ 1 ਗੋਲਡ, 1 ਸਿਲਵਰ ਐਸਜੀਐਫਆਈ ਨੈਸ਼ਨਲ ਲਈ ਸਿਲੈਕਟ ਹੋਈ। ਤਨਵੀਰ ਕੌਰ, ਅਰਨਪ੍ਰੀਤ ਕੌਰ, ਜੈਜ਼ਰੀਤ ਕੌਰ, ਨਵਨੀਤ ਕੌਰ, ਗੁਰਨੂਰ ਸਿੰਘ, ਸਪਿੰਦਰਜੀਤ ਸਿੰਘ ਘੁਮਾਣ ਅਤੇ ਪ੍ਰਿੰਸਪ੍ਰੀਤ ਸਿੰਘ ਕੁੰਗ ਫੂ ਵੁਸ਼ੂ ਗੋਲਡ ਪ੍ਰਾਪਤ ਕਰਕੇ ਨੈਸ਼ਨਲ ਲਈ ਸਿਲੈਕਟ ਹੋਈ। ਹਰਜੋਤ ਸਿੰਘ ਅਤੇ ਏਕਮਜੋਤ ਸਿੰਘ ਕਿੱਕ ਬਾਕਸਿੰਗ ਨੈਸ਼ਨਲ ਲਈ ਚੋਣ ਹੋਈ। ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ਵਿੱਚ ਸਕੂਲ ਦੇ 40 ਖਿਡਾਰੀਆਂ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤ ਕੇ ਸਟੇਟ ਪੱਧਰ ਤੇ ਸਕੂਲ ਦਾ ਝੰਡਾ ਲਹਿਰਾਇਆ। 13 ਬੱਚਿਆਂ ਦਾ ਨੈਸ਼ਨਲ ਲਈ ਚੁਣੇ ਜਾਣਾ ਅਤੇ 40 ਮੈਡਲ ਜਿੱਤਣਾ ਕੋਈ ਆਮ ਗੱਲ ਨਹੀਂ। ਮੁੱਖ ਮਹਿਮਾਨ ਐਸਡੀਐਮ ਤਰਸੇਮ ਚੰਦ ਭਾਗਸਰ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਜਿੱਤਾਂ ਦਾ ਜਸ਼ਨ ਨਹੀਂ ਸੀ ਸਗੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਵਾਤਾਵਰਣ ਪ੍ਰਤੀ ਇੱਕ ਸੁਚੇਤ ਸੁਨੇਹਾ ਵੀ ਸੀ। ਉਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਪੰਜਾਬ ਦੀ ਮਿੱਟੀ ਅਤੇ ਹਵਾ ਨੂੰ ਬਚਾਉਣ ਦਾ ਅਹਿਮ ਹੋਕਾ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਹੇਮ ਕੁਮਾਰ ਮੋਦੀ ਚੈਅਰਮੇਨ, ਪੂਨਮ ਡਾਇਰੈਕਟਰ ਅਤੇ ਨੀਰਜ ਬਾਂਸਲ ਪ੍ਰਿੰਸੀਪਲ ਨੇ ਐਸਡੀਐਮ ਤਰਸੇਮ ਚੰਦ ਦਾ ਤਹਿ ਦਿਲੋਂ ਧੰਨਵਾਦ ਕੀਤਾ।