ਲੋੜਵੰਦ ਬੱਚੀਆਂ ਦੀ ਪੜ੍ਹਾਈ ਲਈ ਆਸ਼ੀਸ਼ ਅਗਰਵਾਲ ਨੇ ਭੇਜੇ ਸਾਈਕਲ ਲੋੜਵੰਦ ਬੱਚੀਆਂ ਦੀ ਪੜ੍ਹਾਈ ਲਈ ਆਸ਼ੀਸ਼ ਅਗਰਵਾਲ ਨੇ ਭੇਜੇ ਸਾਈਕਲ
Publish Date: Sun, 27 Sep 2026 05:29 PM (IST)
Updated Date: Mon, 28 Sep 2026 04:03 AM (IST)
ਖੁਸ਼ਵੰਤ ਸਿੰਘ ਨੇ ਬੱਚੀਆਂ ਤੱਕ ਪਹੁੰਚਾਈ ਸਹਾਇਤਾ ਰੋਜ਼ਾਨਾ ਤਿੰਨ ਕਿਲੋਮੀਟਰ ਪੈਦਲ ਜਾਣ ਤੋਂ ਮਿਲੀ ਰਾਹਤ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਦੇ ਉਦੇਸ਼ ਨਾਲ ਅਮਰੀਕਾ ਵੱਸਦੇ ਆਸ਼ੀਸ਼ ਅਗਰਵਾਲ ਵੱਲੋਂ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਨਾਭਾ ਬਲਾਕ ਦੇ ਪਿੰਡ ਫੈਜ਼ਗੜ੍ਹ ਦੀਆਂ ਲੋੜਵੰਦ ਬੱਚੀਆਂ ਲਈ ਸਾਈਕਲ ਭੇਜੇ ਹਨ। ਇਹ ਸਾਈਕਲ ਸਥਾਨਕ ਪੱਧਰ ’ਤੇ ਖੁਸ਼ਵੰਤ ਸਿੰਘ ਵੱਲੋਂ ਲੋੜਵੰਦ ਬੱਚੀਆਂ ਤੱਕ ਪਹੁੰਚਾਏ ਗਏ। ਇਸ ਮੌਕੇ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਆਸ਼ੀਸ਼ ਅਗਰਵਾਲ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਪਿੰਡ ਫੈਜ਼ਗੜ੍ਹ ਦੀਆਂ ਕੁਝ ਬੱਚੀਆਂ ਨੂੰ ਛੀਂਟਾਵਾਲਾ ਜਾ ਕੇ ਪੜ੍ਹਾਈ ਕਰਨ ਲਈ ਰੋਜ਼ਾਨਾ ਕਰੀਬ ਤਿੰਨ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੇ ਇਨ੍ਹਾਂ ਬੱਚੀਆਂ ਦੀ ਸਹੂਲਤ ਲਈ ਸਾਈਕਲ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਆਵਾਜਾਈ ਦੀ ਸਹੂਲਤ ਦੀ ਘਾਟ ਕਾਰਨ ਬੱਚਿਆਂ ਨੂੰ ਸਕੂਲ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਸਾਈਕਲ ਮਿਲਣ ਨਾਲ ਬੱਚੀਆਂ ਦਾ ਰੋਜ਼ਾਨਾ ਆਉਣ-ਜਾਣ ਦਾ ਸਫ਼ਰ ਆਸਾਨ ਹੋਵੇਗਾ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ। ਇਸ ਨਾਲ ਉਹ ਆਪਣੀ ਪੜ੍ਹਾਈ ’ਤੇ ਹੋਰ ਧਿਆਨ ਕੇਂਦਰਿਤ ਕਰ ਸਕਣਗੀਆਂ। ਖੁਸ਼ਵੰਤ ਸਿੰਘ ਨੇ ਕਿਹਾ ਕਿ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਉਣਾ ਹੀ ਇਸ ਤਰ੍ਹਾਂ ਦੇ ਉਪਰਾਲਿਆਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਆਸ਼ੀਸ਼ ਅਗਰਵਾਲ ਵੱਲੋਂ ਵਿਦੇਸ਼ ਵਿੱਚ ਰਹਿੰਦਿਆਂ ਵੀ ਆਪਣੇ ਇਲਾਕੇ ਅਤੇ ਲੋੜਵੰਦ ਲੋਕਾਂ ਨਾਲ ਜੁੜੇ ਰਹਿਣਾ ਅਤੇ ਆਪਣੀ ਕਮਾਈ ਵਿੱਚੋਂ ਹਿੱਸਾ ਸਮਾਜ ਸੇਵਾ ਲਈ ਦੇਣਾ ਪ੍ਰੇਰਣਾਦਾਇਕ ਹੈ।