- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਵੀ ਸੰਘਰਸ਼ ਦਾ ਬਿਗਲ ਬਜਾਇਆ ਹੋਇਆ ਹੈ, ਜਿਸ ਤਹਿਤ ਪਿਛਲੇ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਰੋਸ ਧਰਨੇ ਜਾਰੀ ਹਨ।

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਵੀ ਸੰਘਰਸ਼ ਦਾ ਬਿਗਲ ਬਜਾਇਆ ਹੋਇਆ ਹੈ, ਜਿਸ ਤਹਿਤ ਪਿਛਲੇ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਰੋਸ ਧਰਨੇ ਜਾਰੀ ਹਨ। ਇਸੇ ਕੜੀ ਤਹਿਤ ਜਿੱਥੇ ਇਕ ਪਾਸੇ 2600 ਐਪ੍ਰੈਟਿਂਸ ਪਾਸ ਬੇਰੁਜ਼ਗਾਰ ਯੂਨੀਅਨ ਦੇ ਬੈਨਰ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਵੱਲੋਂ ਸੰਘਰਸ਼ ਸੁਰੂ ਕੀਤਾ ਹੋਇਆ ਹੈ ਉਥੇ ਹੀ ਬੁੱਧਵਾਰ ਨੂੰ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਵੱਡੀ ਗਿਣਤੀ ’ਚ ਪਹੁੰਚੇ ਮ੍ਰਿਤਕ ਕਰਮਚਾਰੀਆਂ ਦੇ ਆਸਰਿਤਾਂ ਵੱਲੋਂ ਮੁੱਖ ਦਫ਼ਤਰ ਸਾਹਮਣੇ ਪੱਕਾ ਮੋਰਚਾ ਸੁਰੂ ਕਰ ਦਿੱਤਾ ਹੈ। ਉਕਤ ਧਰਨਾਕਾਰੀਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਭਰਤੀਆਂ ਤੇ ਰੁਜ਼ਗਾਰ ਸਬੰਧੀ ਮੁੱਦਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆ ਮੰਗਾਂ ’ਚ ਸਿਰਫ ਤਿੰਨ ਲੱਖ ਦੀ ਸੈਲਸ਼ੀਅਸ ਰਾਸ਼ੀ ਹੀ ਜਮ੍ਹਾ ਕਰਵਾਈ ਜਾਵੇ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ’ਤੇ ਲਗਾਇਆ 12 ਫੀਸਦ ਵਿਆਜ ਮਾਫ ਕੀਤਾ ਜਾਵੇ, ਕੇਸ ਪੁਰਾਣੇ ਹੋਣ ਕਾਰਨ ਉਨ੍ਹਾਂ ਨੂੰ ਨੋਕਰੀ ਪ੍ਰਾਪਤ ਕਰਨ ਲਈ ਉਮਰ ਦੀ ਉੱਪਰੀ ਸ਼ੀਮਾਂ ’ਚ ਛੋਟ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਕੈਬਨਿਟ ਮੰਤਰੀ ਦੇ ਘਰ ਅੱਗੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂਆ ਸਮੇਤ ਵੱਡੀ ਗਿਣਤੀ ’ਚ ਮ੍ਰਿਤਕ ਆਸ਼ਰਿਤ ਹਾਜ਼ਰ ਸਨ।
ਪੁਲਿਸ ਮੁਲਾਜ਼ਮਾਂ ਤੇ ਪ੍ਰਦਰਸ਼ਨਕਾਰੀਆ ਵਿਚਾਲੇ ਬਹਿਸ
ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪਾਵਰਕਾਮ ਦਾ ਦੂਜੇ ਗੇਟ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ’ਚ ਨੌਜਵਾਨ ਧਰਨੇ ਵਾਲੀ ਥਾਂ ਤੋਂ ਜਦੋਂ ਦੂਜੇ ਗੇਟ ਵੱਲ ਤੁਰੇ ਤਾਂ ਮੌਕੇ ’ਤੇ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੇਟ ਅੱਗੇ ਬੈਠਣ ਨਹੀਂ ਦਿੱਤਾ ਗਿਆ ਤੇ ਪੁਲਿਸ ਬਲ ਨੇ ਧਰਨਾਕਾਰੀਆਂ ਨੂੰ ਸਖਤੀ ਨਾਲ ਵਾਪਸ ਮੋੜ ਦਿੱਤਾ ਗਿਆ। ਇਸ ਦੌਰਾਨ ਕੁਝ ਨੌਜਵਾਨਾਂ ਦੀ ਪੁਲਿਸਕਰਮੀਆਂ ਨਾਲ ਬਹਿਸਬਾਜ਼ੀ ਵੀ ਹੋਈ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਲੇ ਧੱਕਾ-ਮੁੱਕੀ ਵੀ ਹੋਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਲੱਤਾਂ, ਥੱਪੜ ਮਾਰੇ ਗਏ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਇੱਧਰ-ਉੱਧਰ ਖਿੰਡ ਗਏ ਅਤੇ ਵਾਪਸ ਪਾਵਰਕਾਮ ਦੇ ਮੁੱਖ ਗੇਟ 'ਤੇ ਚਲੇ ਗਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ’ਚ ਬੇਰੁਜ਼ਗਾਰ ਨੌਜਵਾਨ ਤੇ ਮ੍ਰਿਤਕ ਆਸ਼ਰਿਤਾਂ ਨੇ ਪੁਲਿਸ ਖਿ਼ਲਾਫ਼ ਨਾਅਰੇਬਾਜ਼ੀ ਵੀ ਕੀਤੀ।