- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਸ਼ੂਆਂ ਅਤੇ ਪੋਲਟਰੀ ਨੂੰ ਠੰਢ ਤੋਂ ਬਚਾਉਣ ਲਈ ਪਸ਼ੂ ਪਾਲਕ ਅਪਣਾਉਣ ਸਾਵਧਾਨੀਆਂ-ਡਾ. ਸੋਨਿੰਦਰ ਕੌਰ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸਰਦੀਆਂ ਦੇ ਮੌਸਮ ਦੌਰਾਨ ਠੰਢ ਦੀਆਂ ਲਹਿਰਾਂ ਕਾਰਨ ਪਸ਼ੂਆਂ ਨੂੰ ਆਪਣੇ ਸਰੀਰ ਦਾ ਤਾਪਮਾਨ ਕਾਇਮ ਰੱਖਣ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਦੀ ਖੁਰਾਕ ਦੀ ਲੋੜ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਤਾਪਮਾਨ ਵਿਚ ਅਚਾਨਕ ਅਤੇ ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਪਸ਼ੂਆਂ, ਖਾਸ ਕਰਕੇ ਗਾਵਾਂ ਅਤੇ ਮੱਝਾਂ ਦੀ ਪ੍ਰਜਨਨ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸਰਦੀਆਂ ਦੌਰਾਨ ਪਸ਼ੂਆਂ ਦੀ ਸਿਹਤ ਤੇ ਸੁਰੱਖਿਆ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪਸ਼ੂਆਂ ਦੇ ਬਾੜਿਆਂ ਨੂੰ ਚਾਰੇ ਪਾਸਿਓਂ ਢੱਕਿਆ ਜਾਵੇ, ਅਤੇ ਵੱਧ ਤੋਂ ਵੱਧ ਪਰਾਲੀ ਵਰਤੀ ਜਾਵੇ ਤਾਂ ਜੋ ਪਸ਼ੂਆਂ ਨੂੰ ਗਰਮਾਇਸ਼ ਪਹੁੰਚਾਈ ਜਾ ਸਕੇ ਅਤੇ ਪਸ਼ੂ ਸਿੱਧੀਆਂ ਠੰਢੀਆਂ ਹਵਾਵਾਂ ਦੇ ਸੰਪਰਕ ਵਿਚ ਨਾ ਆਉਣ। ਖਾਸ ਕਰਕੇ ਛੋਟੇ, ਕਮਜ਼ੋਰ ਤੇ ਨਵਜੰਮੇ ਪਸ਼ੂਆਂ ਨੂੰ ਠੰਢ ਵਾਲੇ ਦਿਨਾਂ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਪਸ਼ੂਆਂ ਤੇ ਪੋਲਟਰੀ ਨੂੰ ਠੰਢ ਤੋਂ ਬਚਾਉਣ ਲਈ ਘਰਾਂ ਜਾਂ ਸੁਰੱਖਿਅਤ ਅੰਦਰੂਨੀ ਥਾਵਾਂ ’ਚ ਰੱਖਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਪਾਣੀ ਵੱਧ ਤੋਂ ਵੱਧ ਮਾਤਰਾ ’ਚ ਪਿਲਾਇਆ ਜਾਵੇ ਤਾਂ ਕਿ ਪਸ਼ੂਆਂ ਨੂੰ ਪਾਣੀ ਦੀ ਘਾਟ ਨਾ ਹੋਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਖੁਰਾਕ ਦੇ ਪ੍ਰਬੰਧ ਵਿੱਚ ਸੁਧਾਰ ਕਰਦੇ ਹੋਏ ਲੋੜ ਅਨੁਸਾਰ ਖੁਰਾਕੀ ਪੂਰਕ ਵੀ ਸ਼ਾਮਲ ਕੀਤੇ ਜਾਣ ਅਤੇ ਪਸ਼ੂਆਂ ਨੂੰ ਉੱਚ ਗੁਣਵੱਤਾ ਵਾਲਾ ਚਾਰਾ ਤੇ ਪਸ਼ੂ-ਚਰਾਗਾਹ ਦੀ ਖੁਰਾਕ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਲੋੜੀਂਦੇ ਪੌਸ਼ਟਿਕ ਤੱਤ ਮਿਲ ਸਕਣ। ਪਸ਼ੂਆਂ ਦੀ ਖੁਰਾਕ ’ਚ ਚਰਬੀ ਵਾਲੇ ਪੂਰਕਾਂ ਦੀ ਉਚਿਤ ਵਰਤੋਂ ਵੀ ਖੁਰਾਕ ਦੀ ਮਾਤਰਾ, ਪਾਚਨ ਅਤੇ ਚਬਾਉਣ ਦੀ ਪ੍ਰਕਿਰਿਆ ਨੂੰ ਸਹਾਇਤਾ ਦੇ ਸਕਦੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਗਊਸ਼ਾਲਾ ਰਾਜਪੁਰਾ, ਗਊਸ਼ਾਲਾ ਹਰਿਆਊ ਕਲਾਂ, ਅਗਰਵਾਲ ਗਊਸ਼ਾਲਾ ਸਮਾਣਾ ਤੇ ਤੇਜ ਬਾਗ ਕਲੋਨੀ ਗਊਸ਼ਾਲਾ ਵਿਖੇ ਸਰਦੀਆਂ ਦੇ ਮੌਸਮ ਦੌਰਾਨ ਪਸ਼ੂਆਂ ਦੀ ਦੇਖਭਾਲ ਅਤੇ ਇਸ ਨਾਲ ਸਬੰਧਤ ਪੋਸ਼ਣ ਸੰਬੰਧੀ ਲੋੜਾਂ ਬਾਰੇ ਜਾਣਕਾਰੀ ਦੇ ਕੈਂਪ ਲਗਾਏ ਗਏ। ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਲਈ ਅਜਿਹੇ ਬਾੜੇ ਬਣਾਉਣ ਦੀ ਸਲਾਹ ਦਿੱਤੀ, ਜਿਨ੍ਹਾਂ ਵਿੱਚ ਸਰਦੀਆਂ ਦੌਰਾਨ ਵੱਧ ਤੋਂ ਵੱਧ ਧੁੱਪ ਆ ਸਕੇ ਅਤੇ ਗਰਮੀਆਂ ’ਚ ਗਰਮੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਰਦੀਆਂ ਵਿੱਚ ਪਸ਼ੂਆਂ ਦੇ ਹੇਠਾਂ ਸੁੱਕੀ ਤੂੜੀ ਤੇ ਪਰਾਲੀ ਵਰਗੀ ਬਿਛਾਈ ਸਮੱਗਰੀ ਪਾਉਣੀ ਚਾਹੀਦੀ ਹੈ, ਜਿਸ ਨਾਲ ਪਸ਼ੂਆਂ ਨੂੰ ਨਿੱਘ ਮਿਲਦਾ ਹੈ ਅਤੇ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।