ਆਂਗਣਵਾੜੀ ਵਰਕਰਾਂ ਨੇ ਸੰਗਰੂਰ ’ਚ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ ਆਂਗਣਵਾੜੀ ਵਰਕਰਾਂ ਨੇ ਸੰਗਰੂਰ ’ਚ ਲਾਇਆ ਧਰਨਾ, ਨਾਅਰੇਬਾਜ਼ੀ ਕੀਤੀ
Publish Date: Wed, 05 Aug 2026 05:46 PM (IST)
Updated Date: Thu, 06 Aug 2026 04:02 AM (IST)
ਸਰਕਾਰ ਆਂਗਣਵਾੜੀ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜੀ: ਹਰਗੋਬਿੰਦ ਕੌਰ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਪਟਿਆਲਾ ਰੋਡ ਸਥਿਤ ਹਾਈਵੇ ਦੇ ਪੁਲ ਹੇਠਾਂ ਗੁਰਮੀਤ ਕੌਰ ਦੀ ਅਗਵਾਈ ਵਿੱਚ ਰੋਸ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ ਅਤੇ ਪੰਜਾਬ ਸਰਕਾਰ ਤੇ ਵਾਅਦਾਖਿਲਾਫੀ ਦਾ ਦੋਸ਼ ਲਾਇਆ। ਇਸ ਮੌਕੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਮਾਣ-ਭੱਤੇ ਵਿੱਚ ਵਾਧਾ, ਪੱਕੀ ਨੌਕਰੀ ਅਤੇ ਹੋਰ ਭਲਾਈ ਸਕੀਮਾਂ ਦੇ ਐਲਾਨ ਕੀਤੇ ਗਏ ਸਨ, ਪਰ ਅੱਜ ਤੱਕ ਉਨ੍ਹਾਂ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਵਰਕਰਾਂ ਅਤੇ ਹੈਲਪਰਾਂ ਨੂੰ ਸੀਮਿਤ ਸਾਧਨਾਂ ਨਾਲ ਕੰਮ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਨਵੀਆਂ ਜ਼ਿੰਮੇਵਾਰੀਆਂ ਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ, ਪਰ ਉਨ੍ਹਾਂ ਦੇ ਹੱਕਾਂ ਅਤੇ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਮੇ ਸਿਰ ਮਾਣ ਭੱਤਾ ਨਹੀ ਮਿਲ ਰਿਹਾ ਅਤੇ ਆਂਗਣਵਾੜੀ ਕੇਦਰਾਂ ਵਿੱਚ ਆ ਰਿਹਾ ਰਾਸ਼ਨ ਬੇਹੱਦ ਘਟੀਆ ਕੁਆਲਟੀ ਦਾ ਹੈ। ਜੋ ਪ੍ਰਾਈਵੇਟ ਕੰਪਨੀਆਂ ਅਤੇ ਐਨਜੀਓ ਰਾਹੀ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਮਾਂਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਰਾਸ਼ਨ ਵਿੱਚ ਕਰੋੜਾਂ ਰੁਪਏ ਦਾ ਘਪਲਾ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਬੱਚੇ ਵਾਪਸ ਆਂਗਣਵਾੜੀ ਕੇਦਰਾਂ ਵਿੱਚ ਭੇਜਾ ਜਾਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਸਰਕਾਰ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੀਤੇ ਸਾਰੇ ਵਾਅਦੇ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਿੰਦਰਪਾਲ ਕੌਰ, ਅੰਗੂਰੀ ਦੇਵੀ, ਜਸਪਾਲ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ, ਦਲਜੀਤ ਕੌਰ, ਅਮ੍ਰਿਤਪਾਲ ਕੌਰ, ਲੀਲਾਵਤੀ, ਪਰਮਰਾਜ, ਬਲਵਿੰਦਰ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ ਰੁਲਦੂਵਾਲਾ, ਬਲਵੀਰ ਕੌਰ, ਬਲਵਿੰਦਰ ਕੌਰ ਜੱਸਲ, ਰੇਖਾ ਰਾਣੀ, ਗੁਰਵਿੰਦਰ ਕੌਰ, ਕ੍ਰਿਪਾਲ ਕੌਰ, ਮਨਮੀਤ ਕੌਰ, ਸੁਰਿੰਦਰਪਾਲ ਕੌਰ, ਹਰਪ੍ਰੀਤ ਕੌਰ, ਬਲਵੀਰ ਕੌਰ ਮੌਜੂਦ ਸਨ।