- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨਾਂ ਨੂੰ ਅਧਿਆਤਮਿਕਤਾ ਤੇ ਦੇਸ਼ ਭਗਤੀ ਨਾਲ ਜੋੜਨ ਦਾ ਸੱਦਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਢਿੱਲੋਂ ਗਰਾਊਂਡ ਵਿਖੇ ਦੇਸ਼ ਭਗਤੀ ਤੇ ਅਧਿਆਤਮਕਤਾ ਨਾਲ ਭਰਪੂਰ ਵਿਸ਼ੇਸ਼ ਪ੍ਰੋਗਰਾਮ ‘ਗੁਰੂ ਨੇ ਪੁਕਾਰਿਆ’ ਕਰਵਾਇਆ ਗਿਆ। ਇਸ ਦੌਰਾਨ ਨੌਜਵਾਨਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਪਛਾਣ ਕੇ ਉਸ ਨੂੰ ਰਚਨਾਤਮਕ ਕੰਮਾਂ ਵਿਚ ਲਗਾਉਣ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਆਸ਼ੂਤੋਸ਼ ਮਹਾਰਾਜ ਦੇ ਯੁਵਾ ਸੇਵਕ ਲਵਪ੍ਰੀਤ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਕਿਸੇ ਵੀ ਕੌਮ ਦੀ ਤਾਕਤ ਤੇ ਮਾਣ ਹੁੰਦੀ ਹੈ। ਅੱਜ ਦਾ ਨੌਜਵਾਨ ਨਸ਼ਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਲਤ ਦਾ ਵੀ ਸ਼ਿਕਾਰ ਹੋ ਰਿਹਾ ਹੈ, ਇਸ ਲਈ ਉਸ ਦੀ ਦਿਸ਼ਾ ਸਹੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਦਿਗੁਰੂ ਸ਼ੰਕਰਾਚਾਰੀਆ, ਸਵਾਮੀ ਵਿਵੇਕਾਨੰਦ ਅਤੇ ਸ਼ਹੀਦ ਭਗਤ ਸਿੰਘ ਵਰਗੀਆਂ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਗੁਰੂ ਭਾਈ ਨਵੀਨ ਜੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਸਮਾਜ ਦੀ ਭਲਾਈ ਲਈ ਜੀਵਨ ਸਮਰਪਿਤ ਕਰਨਾ ਹੀ ਸੱਚੀ ਦੇਸ਼ ਭਗਤੀ ਹੈ। ਇਸ ਮੌਕੇ ਯੁਵਾ ਪਰਿਵਾਰ ਸੇਵਾ ਸਮਿਤੀ ਦੀ ਬੈਂਡ ਟੀਮ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਪ੍ਰੇਰਨਾਦਾਇਕ ਨਾਅਰਿਆਂ ਅਤੇ ਦੇਸ਼ ਭਗਤੀ ਦੇ ਗੀਤਾਂ ਨੇ ਨੌਜਵਾਨਾਂ ਵਿੱਚ ਜੋਸ਼ ਭਰਿਆ। ਅੰਤ ਵਿੱਚ ਪਟਿਆਲਾ ਬ੍ਰਾਂਚ ਇੰਚਾਰਜ ਸਾਧਵੀ ਮਹਾ ਸ਼ਾਰਦਾ ਭਾਰਤੀ ਜੀ ਨੇ ਕਿਹਾ ਕਿ ਸੱਚੀ ਆਜ਼ਾਦੀ ਹੰਕਾਰ, ਲਾਲਚ ਅਤੇ ਅਗਿਆਨਤਾ ਵਰਗੀ ਅੰਦਰੂਨੀ ਗੁਲਾਮੀ ਤੋਂ ਮੁਕਤੀ ਵਿੱਚ ਹੈ। ਉਨ੍ਹਾਂ ਸਮਾਗਮ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।