ਪਟਿਆਲਾ ਰੇਲਵੇ ਸਟੇਸ਼ਨ ਆਪਣੇ ਆਖ਼ਰੀ ਪੜਾਅ ’ਚ ਪਹੁੰਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਤਿਆਰ ਹੋ ਰਿਹਾ
Publish Date: Sat, 11 Jul 2026 06:40 PM (IST)
Updated Date: Sun, 12 Jul 2026 04:10 AM (IST)
* ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹੋ ਰਿਹਾ ਤਿਆਰ ਫੋਟੋ 11ਪੀਟੀਐਲ: 37: ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਰੇਲ ਮੰਤਰਾਲੇ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕਰੀਬ 47.51 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਪਟਿਆਲਾ ਰੇਲਵੇ ਸਟੇਸ਼ਨ ਹੁਣ ਆਪਣੇ ਆਖ਼ਰੀ ਪੜਾਅ ’ਚ ਪਹੁੰਚ ਗਿਆ ਹੈ। ਹਾਲਾਂਕਿ ਨਿਰਧਾਰਤ ਸਮਾਂ ਹੱਦ ਤੋਂ ਕਰੀਬ ਦੋ ਸਾਲ ਦੀ ਦੇਰੀ ਕਾਰਨ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਇਸ ਦਾ ਉਦਘਾਟਨ ਨਹੀਂ ਹੋ ਸਕੇਗਾ। ਰੇਲਵੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਿਆਦਾਤਰ ਨਿਰਮਾਣ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੰਮ 31 ਜੁਲਾਈ ਤੱਕ ਹਰ ਹਾਲ ਵਿੱਚ ਪੂਰੇ ਕਰਕੇ ਸਟੇਸ਼ਨ ਨੂੰ ਉਦਘਾਟਨ ਲਈ ਤਿਆਰ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਗਸਤ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਉਸ ਵੇਲੇ ਟੀਚਾ ਅਪ੍ਰੈਲ 2024 ਤੱਕ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਕਰਨ ਦਾ ਸੀ, ਪਰ ਠੇਕੇਦਾਰ ਦੀ ਧੀਮੀ ਕਾਰਜਗਤੀ ਅਤੇ ਮਜ਼ਦੂਰਾਂ ਦੀ ਘਾਟ ਕਾਰਨ ਇਹ ਪ੍ਰੋਜੈਕਟ ਲਗਾਤਾਰ ਦੇਰੀ ਦਾ ਸ਼ਿਕਾਰ ਹੁੰਦਾ ਰਿਹਾ। ਸਟੇਸ਼ਨ ਦੀ ਬਦਲੀ ਤਸਵੀਰ, ਜ਼ਿਆਦਾਤਰ ਨਿਰਮਾਣ ਕਾਰਜ ਮੁਕੰਮਲ ਰੇਲਵੇ ਅਧਿਕਾਰੀਆਂ ਮੁਤਾਬਕ ਸਟੇਸ਼ਨ ਦਾ ਨਵਾਂ ਰੂਪ ਲਗਭਗ ਤਿਆਰ ਹੋ ਚੁੱਕਾ ਹੈ। ਨਵਾਂ ਪਲੇਟਫਾਰਮ, 12 ਮੀਟਰ ਚੌੜਾ ਫੁੱਟ ਓਵਰਬ੍ਰਿਜ, ਵੀਆਈਪੀ ਅਤੇ ਐਗਜ਼ੀਕਿਊਟਿਵ ਲਾਊਂਜ, ਆਧੁਨਿਕ ਫਲੋਰਿੰਗ, ਨਵਾਂ ਫਰਨੀਚਰ ਅਤੇ ਆਧੁਨਿਕ ਟਾਇਲਟ-ਬਾਥਰੂਮ ਤਿਆਰ ਕਰ ਦਿੱਤੇ ਗਏ ਹਨ। ਯਾਤਰੀਆਂ ਲਈ ਵੇਟਿੰਗ ਏਰੀਆ ਨੂੰ ਵੀ ਅਪਗ੍ਰੇਡ ਕਰਕੇ ਏਅਰ ਕੰਡੀਸ਼ਨਡ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਫ਼ਰ ਹੋਰ ਵੀ ਆਰਾਮਦਾਇਕ ਹੋਵੇਗਾ। ਹਾਲਾਂਕਿ ਕੁਝ ਮਹੱਤਵਪੂਰਨ ਕੰਮ ਅਜੇ ਵੀ ਬਾਕੀ ਹਨ। ਇਨ੍ਹਾਂ ਵਿੱਚ ਲਿਫ਼ਟਾਂ ਦੀ ਸਥਾਪਨਾ, ਪਲੇਟਫਾਰਮ ਅਤੇ ਸਰਕੂਲੇਟਿੰਗ ਏਰੀਏ ਦਾ ਵਿਕਾਸ ਅਤੇ ਆਧੁਨਿਕ ਲਾਈਟਿੰਗ ਸਿਸਟਮ ਲਗਾਉਣਾ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇਗਾ ਸਟੇਸ਼ਨ ਆਧੁਨਿਕੀਕਰਨ ਤੋਂ ਬਾਅਦ ਪਟਿਆਲਾ ਰੇਲਵੇ ਸਟੇਸ਼ਨ ਯਾਤਰੀਆਂ ਨੂੰ ਕਈ ਨਵੀਆਂ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ। ਇਨ੍ਹਾਂ ਵਿੱਚ ਅਤਿ-ਆਧੁਨਿਕ ਲਾਈਟਿੰਗ, ਬਿਹਤਰ ਪਾਰਕਿੰਗ, ਫੂਡ ਕੋਰਟ, ਐਸਕੇਲੇਟਰ, ਲਿਫ਼ਟ, ਪਾਰਸਲ ਸੇਵਾ, ਵਿਸ਼ਰਾਮ ਘਰ, ਆਧੁਨਿਕ ਰਿਜ਼ਰਵੇਸ਼ਨ ਕਾਊਂਟਰ, ਦਿਵਿਆਂਗ ਯਾਤਰੀਆਂ ਲਈ ਵਿਸ਼ੇਸ਼ ਸਹੂਲਤਾਂ, ਵਾਧੂ ਬੁਕਿੰਗ ਕਾਊਂਟਰ, ਰੂਫ਼ ਟਾਪ ਪਲਾਜ਼ਾ, ਕੈਂਟੀਨ ਅਤੇ ਵਿਸਤ੍ਰਿਤ ਪਲੇਟਫਾਰਮ ਸ਼ੈਲਟਰ ਸ਼ਾਮਲ ਹਨ। ਯਾਤਰੀਆਂ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਪਲੇਟਫਾਰਮ ਸ਼ੈਲਟਰ ਨੂੰ ਲਗਭਗ 100 ਫੁੱਟ ਤੱਕ ਵਧਾਇਆ ਗਿਆ ਹੈ। ਜੁਲਾਈ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ ਕੰਮ : ਸੁਪਰਵਾਈਜ਼ਰ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਰੇਲਵੇ ਸਟੇਸ਼ਨ ਦਾ ਜ਼ਿਆਦਾਤਰ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਰਹਿੰਦੇ ਸਾਰੇ ਕੰਮ ਜੁਲਾਈ ਦੇ ਅੰਤ ਤੱਕ ਹਰ ਹਾਲ ਵਿੱਚ ਪੂਰੇ ਕਰ ਲਏ ਜਾਣਗੇ। ਇਸ ਤੋਂ ਬਾਅਦ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਸਟੇਸ਼ਨ ਦਾ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ।