ਆਮ ਆਦਮੀ ਕਲੀਨਿਕਾਂ ਦਾ ਸਟਾਫ ਅੱਜ ਤੋਂ ਹੜਤਾਲ ’ਤੇ ਆਮ ਆਦਮੀ ਕਲੀਨਿਕਾਂ ਦਾ ਸਟਾਫ ਅੱਜ ਤੋਂ ਹੜਤਾਲ ’ਤੇ
Publish Date: Sun, 26 Jul 2026 04:04 PM (IST)
Updated Date: Sun, 26 Jul 2026 04:08 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਘਰ ਦੇ ਨੇੜੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਵਾਲੇ ਆਮ ਆਦਮੀ ਕਲੀਨਿਕ ਸੋਮਵਾਰ ਤੋਂ ਮਰੀਜ਼ਾਂ ਲਈ ਬੰਦ ਰਹਿਣਗੇ। ਪਟਿਆਲਾ ਜ਼ਿਲ੍ਹੇ ਦੇ ਕਰੀਬ 80 ਕਲੀਨਿਕਾਂ ’ਚ ਤਾਇਨਾਤ 240 ਡਾਕਟਰ, ਫਾਰਮਾਸਿਸਟ ਅਤੇ ਕਲੀਨਿਕਲ ਅਸਿਸਟੈਂਟ ਹੜਤਾਲ ’ਤੇ ਜਾ ਰਹੇ ਹਨ। ਇਸ ਕਾਰਨ ਰੋਜ਼ਾਨਾ ਇਨ੍ਹਾਂ ਕਲੀਨਿਕਾਂ ’ਤੇ ਨਿਰਭਰ ਸੈਂਕੜੇ ਮਰੀਜ਼ਾਂ ਨੂੰ ਹੁਣ ਇਲਾਜ ਲਈ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ਲਿਆ ਹਸਪਤਾਲ ਅਤੇ ਹੋਰ ਸਰਕਾਰੀ ਸਿਹਤ ਕੇਂਦਰਾਂ ਦਾ ਰੁਖ ਕਰਨਾ ਪਵੇਗਾ। ਜ਼ਿਲ੍ਹੇ ’ਚ ਇਸ ਵੇਲੇ ਕਰੀਬ 78 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਦੋ ਨਵੇਂ ਕਲੀਨਿਕ ਜਲਦ ਸ਼ੁਰੂ ਹੋਣ ਵਾਲੇ ਹਨ। ਇਨ੍ਹਾਂ ਕਲੀਨਿਕਾਂ ਵਿਚ ਕਰੀਬ 80 ਮੈਡੀਕਲ ਅਫ਼ਸਰ, 80 ਕਲੀਨਿਕਲ ਅਸਿਸਟੈਂਟ ਤੇ 80 ਫਾਰਮਾਸਿਸਟ ਸੇਵਾਵਾਂ ਦੇ ਰਹੇ ਹਨ। ਹੜਤਾਲ ਕਾਰਨ ਰੋਜ਼ਾਨਾ ਇਲਾਜ ਲਈ ਆਉਣ ਵਾਲੇ 80 ਤੋਂ 100 ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਹੋਰ ਸਰਕਾਰੀ ਹਸਪਤਾਲਾਂ ਦਾ ਸਹਾਰਾ ਲੈਣਾ ਪਵੇਗਾ। ਜ਼ਿਕਰਯੋਗ ਹੈ ਕਿ ਆਮ ਆਦਮੀ ਕਲੀਨਿਕਾਂ ਵਿਚ ਆਮ ਜਾਂਚ ਦੇ ਨਾਲ-ਨਾਲ ਮੁਫ਼ਤ ਟੈਸਟ, ਗਰਭਵਤੀ ਮਹਿਲਾਵਾਂ ਦਾ ਇਲਾਜ ਅਤੇ ਕੁੱਤੇ ਦੇ ਕੱਟਣ ਨਾਲ ਸਬੰਧਤ ਮਾਮਲਿਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਆਮਦ ਹੁੰਦੀ ਹੈ। ਇਸ ਸਟਾਫ ਨੂੰ ਮੌਜੂਦਾ ਪ੍ਰਬੰਧ ਅਨੁਸਾਰ ਡਾਕਟਰ ਨੂੰ ਪ੍ਰਤੀ ਮਰੀਜ਼ 50 ਰੁਪਏ, ਕਲੀਨਿਕਲ ਅਸਿਸਟੈਂਟ ਨੂੰ 11 ਰੁਪਏ ਅਤੇ ਫਾਰਮਾਸਿਸਟ ਨੂੰ 12 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ। ਆਮ ਆਦਮੀ ਕਲੀਨਿਕ ਜੁਆਇੰਟ ਫਰੰਟ ਦਾ ਕਹਿਣਾ ਹੈ ਕਿ ਸਰਕਾਰ ਤੇ ਸਿਹਤ ਵਿਭਾਗ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਹੁਣ ਤੱਕ ਸਿਰਫ਼ ਲਾਰੇ ਹੀ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਬਾ ਇੰਤਜ਼ਾਰ ਦੇ ਬਾਵਜੂਦ ਮੰਗਾਂ ’ਤੇ ਕੋਈ ਠੋਸ ਫ਼ੈਸਲਾ ਨਾ ਹੋਣ ਕਾਰਨ ਕਰਮਚਾਰੀਆਂ ਨੇ ਹੁਣ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਰਾਹ ਅਪਣਾਇਆ ਹੈ। - ਹੁਣ ਭਰੋਸਾ ਨਹੀਂ, ਸਰਕਾਰ ਨੋਟੀਫਿਕੇਸ਼ਨ ਜਾਰੀ ਕਰੇ ਸਰਕਾਰ : ਪ੍ਰਧਾਨ ਜੁਆਇੰਟ ਫਰੰਟ ਦੇ ਸੂਬਾ ਪ੍ਰਧਾਨ ਡਾ. ਤਲਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਅਤੇ ਡਾਇਰੈਕਟਰ ਹੈਲਥ ਸਰਵਿਸਿਜ਼, ਪੰਜਾਬ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਵੀ 8 ਤੋਂ 10 ਵਾਰ ਮੰਗ ਪੱਤਰ ਸੌਂਪਿਆ ਗਿਆ ਪਰ ਹਰ ਵਾਰ ਸਿਰਫ਼ ਭਰੋਸਾ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾ ਮੰਨਣ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। -ਨੌਕਰੀ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਫਰੰਟ ਦੇ ਸੂਬਾ ਪ੍ਰਧਾਨ ਡਾ. ਤਲਵਿੰਦਰ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੀ ਸਭ ਤੋਂ ਵੱਡੀ ਚਿੰਤਾ ਨੌਕਰੀ ਦੀ ਸੁਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਚ ਸਰਕਾਰ ਬਦਲਣ ਤੋਂ ਬਾਅਦ ਉੱਥੇ ਆਮ ਆਦਮੀ ਕਲੀਨਿਕ ਬੰਦ ਕਰ ਦਿੱਤੇ ਗਏ, ਜਿਸ ਕਾਰਨ ਉੱਥੇ ਤਾਇਨਾਤ ਸਟਾਫ਼ ਬੇਰੁਜ਼ਗਾਰ ਹੋ ਗਿਆ। ਇਸ ਤਜਰਬੇ ਨੂੰ ਦੇਖਦਿਆਂ ਪੰਜਾਬ ਦੇ ਕਰਮਚਾਰੀ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਘੱਟੋ-ਘੱਟ 50 ਮਰੀਜ਼ਾਂ ਦਾ ਭੁਗਤਾਨ ਤਾਂ ਕਰਦੀ ਹੈ, ਪਰ ਵੱਧ ਰਹੀ ਮਹਿੰਗਾਈ ਨੂੰ ਦੇਖਦਿਆਂ ਇਸ ਪ੍ਰੋਤਸਾਹਨ ਰਾਸ਼ੀ (ਇੰਸੈਂਟਿਵ) ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਡੱਬੀ- ਮੁੱਖ ਮੰਗਾਂ - ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ। ਨੌਕਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮੈਡੀਕਲ, ਐਮਰਜੈਂਸੀ, ਕੈਜ਼ੂਅਲ (ਸੀਐਲ) ਅਤੇ ਅਰਨਡ ਲੀਵ (ਈਐਲ) ਦੀ ਸਹੂਲਤ ਦਿੱਤੀ ਜਾਵੇ। ਇੰਸੈਂਟਿਵ ਰਾਸ਼ੀ ਵਿਚ ਵਾਧਾ ਕੀਤਾ ਜਾਵੇ। ਲੰਬਿਤ ਨੋਟੀਫਿਕੇਸ਼ਨ ਜਾਰੀ ਕਰਕੇ ਸੇਵਾ ਸ਼ਰਤਾਂ ਸਪੱਸ਼ਟ ਕੀਤੀਆਂ ਜਾਣ। ਡੱਬੀ -ਮਰੀਜ਼ਾਂ ਲਈ ਬਦਲਵਾ ਸਿਸਟਮ ਆਮ ਆਦਮੀ ਕਲੀਨਿਕ ਬੰਦ ਰਹਿਣ ਦੌਰਾਨ ਮਰੀਜ਼ ਇਲਾਜ ਲਈ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ਲਿਆ ਹਸਪਤਾਲ, ਸਬ-ਡਿਵੀਜ਼ਨ ਹਸਪਤਾਲ ਨਾਭਾ, ਸਮਾਣਾ ਅਤੇ ਰਾਜਪੁਰਾ ਦਾ ਰੁਖ ਕਰ ਸਕਦੇ ਹਨ। ਇਸ ਤੋਂ ਇਲਾਵਾ ਸੀਐਚਸੀ ਤ੍ਰਿਪੜੀ, ਮਾਡਲ ਟਾਊਨ, ਭਾਦਸੋਂ, ਘਨੌਰ, ਪਾਤੜਾਂ ਅਤੇ ਬਾਦਸ਼ਾਹਪੁਰ ਵਿੱਚ ਵੀ ਸਿਹਤ ਸੇਵਾਵਾਂ ਉਪਲਬਧ ਰਹਿਣਗੀਆਂ। ਲੋੜ ਪੈਣ ’ਤੇ ਨਿੱਜੀ ਹਸਪਤਾਲ ਵੀ ਮਰੀਜ਼ਾਂ ਲਈ ਇੱਕ ਵਿਕਲਪ ਹੋਣਗੇ।