- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨ ਅਰੋੜਾ ਨੇ ਪੰਚਾਇਤਾਂ ਨੂੰ ਵੰਡੇ ਵਿਕਾਸ ਕਾਰਜਾਂ ਦੇ ਚੈੱਕ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਬਪੱਖੀ ਵਿਕਾਸ ਲਈ ਪੰਚਾਇਤਾਂ ਨੂੰ ਚੈੱਕ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪਿੰਡਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਯਤਨ ਕਰ ਰਹੀ ਹੈ। ਪਿੰਡਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਸਹੂਲਤਾਂ ਦੇਣ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ, ਨੇੜ ਭਵਿੱਖ ਵਿੱਚ ਹਰ ਇੱਕ ਪਿੰਡ ਨੂੰ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਿੰਡ ਭਰੂਰ ਵਿਖੇ ਆਯੋਜਿਤ ਕੀਤੇ ਚੈੱਕ ਵੰਡ ਸਮਾਗਮ ਮੌਕੇ ਵੱਖ-ਵੱਖ ਪੰਚਾਇਤਾਂ ਨੂੰ 61.50 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ। ਜਾਣਕਾਰੀ ਦਿੱਤੀ ਗਈ ਹੈ ਕਿ ਲਖਮੀਰਵਾਲਾ ਵਿਖੇ ਰਵਿਦਾਸ ਧਰਮਸ਼ਾਲਾ ਲਈ 3 ਲੱਖ ਰੁਪਏ, ਮਜ਼ਬੀ ਸਿੱਖ ਧਰਮਸ਼ਾਲਾ ਵਿੱਚ ਸ਼ੈੱਡ ਬਣਾਉਣ ਲਈ 3 ਲੱਖ ਰੁਪਏ ਅਤੇ ਸਟੀਲ ਵਾਟਰ ਟੈਂਕਰ ਲਈ 3.25 ਲੱਖ ਰੁਪਏ, ਚੱਠੇ ਨਕਟੇ ਵਿਖੇ ਸ਼ਮਸ਼ਾਨਘਾਟ ਵਿੱਚ ਫ਼ਰਸ਼ ਅਤੇ ਇੰਟਰਲਾਕ ਟਾਈਲ ਲਗਾਉਣ ਲਈ 5 ਲੱਖ ਰੁਪਏ, ਸਿੰਘਪੁਰਾ ਵਿਖੇ ਬਾਬਾ ਬੇਰੀ ਵਾਲਾ ਜੀ ਦੇ ਸਥਾਨ ‘ਤੇ ਇੰਟਰਲਾਕ ਟਾਈਲ ਲਗਾਉਣ ਲਈ 4 ਲੱਖ ਰੁਪਏ, ਟਿੱਬੀ ਬਸਤੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ 7 ਲੱਖ ਰੁਪਏ, ਜਗਤਪੁਰਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ 7 ਲੱਖ ਰੁਪਏ, ਬਖਤੌਰ ਨਗਰ ਵਿਖੇ ਗਲੀਆਂ ਵਿੱਚ ਇੰਟਰਲਾਕ ਟਾਈਲ ਲਗਾਉਣ ਲਈ 7 ਲੱਖ ਰੁਪਏ ਅਤੇ ਨੀਲੋਵਾਲ ਰੋਡ ਤੋਂ ਘਰਾਂ ਤੱਕ ਇੰਟਰਲਾਕ ਟਾਈਲ ਲਗਾਉਣ ਲਈ 3.25 ਲੱਖ ਰੁਪਏ ਦਿੱਤੇ ਗਏ ਹਨ। ਹਲਕੇ ਦੇ ਪਿੰਡ ਅਕਾਲਗੜ੍ਹ ਵਿਖੇ ਕਮਿਊਨਿਟੀ ਹਾਲ ਵਿੱਚ ਸ਼ੈੱਡ ਪਾਉਣ ਲਈ 2.50 ਲੱਖ ਰੁਪਏ , ਬਿਸ਼ਨਪੁਰਾ ਵਿਖੇ ਰੋਡ ਬਰਮ ਪਾਉਣ ਲਈ 5 ਲੱਖ ਰੁਪਏ ਅਤੇ ਬੱਸ ਸਟੈਂਡ ਬਣਾਉਣ ਲਈ 2.50 ਲੱਖ ਰੁਪਏ, ਬਿਸ਼ਨਪੁਰਾ-ਅਕਾਲਗੜ੍ਹ ਵਿਖੇ ਸਟੀਲ ਵਾਟਰ ਟੈਂਕਰ ਲਈ 3.25 ਲੱਖ ਰੁਪਏ ਅਤੇ ਬਰਮਾ ਇੰਟਰਲਾਕ ਟਾਈਲ ਲਗਾਉਣ ਲਈ 5 ਲੱਖ ਰੁਪਏ ਦਿੱਤੇ ਗਏ ਹਨ। ਭਰੂਰ ਵਿਖੇ ਪੀਰ ਬਾਬਾ ਨੂਰ ਸ਼ਾਹ ਧਰਮਸ਼ਾਲਾ ਵਿੱਚ ਸ਼ੈੱਡ ਪਾਉਣ ਲਈ 2.50 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ।ਇਸ ਮੌਕੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।