ਅਮਨ ਅਰੋੜਾ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਸੱਦਾ ਅਮਨ ਅਰੋੜਾ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਸੱਦਾ
Publish Date: Fri, 31 Jul 2026 05:47 PM (IST)
Updated Date: Sat, 01 Aug 2026 04:01 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ ਸੁਨਾਮ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਸ਼ਹੀਦ ਦੇ ਮੁਹੱਲਾ ਪੀਲਵਾਦ ਵਿਖੇ ਸਥਿਤ ਸ਼ਹੀਦ ਦੇ ਜੱਦੀ ਘਰ ਵਿਖੇ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ , ਕੈਬਨਿਟ ਮੰਤਰੀ ਬਰਿੰਦਰ ਗੋਇਲ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ, ਪਛੜੀਆਂ ਸ਼੍ਰੇਣੀਆਂ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ , ਕੰਬੋਜ ਭਲਾਈ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਕੰਬੋਜ ਅਤੇ ਸੀਨੀਅਰ ਪੱਤਰਕਾਰ ਤੇਜਿੰਦਰ ਕੌਰ ਥਿੰਦ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਗੋਇਲ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ , ਉਨ੍ਹਾਂ ਨੂੰ ਯਾਦ ਕਰਨਾ ਅਤੇ ਦਿਨ ਮਨਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਊਧਮ ਸਿੰਘ ਅਜ਼ਾਦੀ ਦੇ ਉਹ ਪਰਵਾਨੇ ਹਨ ਜਿਨ੍ਹਾਂ ਨੇ ਦੇਸ਼ ਦੀ ਅਣਖ ਅਤੇ ਦੇਸ਼ ਵਾਸੀਆਂ ਤੇ ਹੋਏ ਜ਼ੁਲਮ ਦੇ ਤਸ਼ੱਦਦ ਦਾ ਬਦਲਾ ਲੈਣ ਲਈ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਲੰਮਾ ਸੰਘਰਸ਼ ਲੜਿਆ। ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜਣ ਦੇ ਨਾਲ ਦੁਸ਼ਮਣ ਤੋਂ ਉਸ ਦੇ ਘਰ ਜਾਕੇ ਬਦਲਾ ਲਿਆ ਅਤੇ ਭਾਰਤ ਮਾਤਾ ਦੀ ਡਿੱਗੀ ਪੱਗ ਮੁੜ ਤੋਂ ਉਸ ਦੇ ਸਿਰ ਤੇ ਸਜਾਈ। ਇਸ ਮੌਕੇ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵੱਲੋਂ ਪਹੁੰਚੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਨਾਲ ਲਗਦੀ ਜਗ੍ਹਾ ਲੈਕੇ ਸ਼ਹੀਦ ਦੇ ਘਰ ਨਾਲ ਜੋੜਨ ਦੀ ਮੰਗ ਕੀਤੀ। ਇਸ ਮੌਕੇ ਮਾਸਟਰ ਕੇਹਰ ਸਿੰਘ ਜੋਸ਼ਨ, ਮਾਸਟਰ ਕਰਮ ਸਿੰਘ, ਜਤਿੰਦਰ ਪਾਲ ਸਿੰਘ ਬੌਬੀ ,ਬਿਕਰਮ ਸ਼ਰਮਾ , ਸੋਨੂੰ ਵਰਮਾ,ਨਰਿੰਦਰ ਢੋਟ, ਵਰਿੰਦਰ ਸਿੰਘ ਖਾਲਸਾ ,ਬਰਿੰਦਰ ਸਿੰਘ ਅਬਦਾਲ, ਹਰਭਜਨ ਸਿੰਘ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।