- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨੇਡਾ ਭੇਜਣ ਦੇ ਨਾਮ ’ਤੇ 40 ਲੱਖ ਦੀ ਕਥਿਤ ਠੱਗੀ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਕੈਨੇਡਾ ਦਾ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਮ ’ਤੇ 40 ਲੱਖ ਰੁਪਏ ਦੀ ਕਥਿਤ ਠੱਗੀ ਤੇ ਦੋ ਨੌਜਵਾਨਾਂ ਨੂੰ ਇਥੋਪੀਆ ਵਿਚ ਕਥਿਤ ਤੌਰ ’ਤੇ ਬੰਦੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਪਿੰਡ ਸਨੌਲੀਆਂ ਤੇ ਪਿੰਡ ਮੰਡਿਆਣਾ ਵਾਸੀ ਹਰਚੰਦ ਕੁਮਾਰ ਅਤੇ ਲਵਪ੍ਰੀਤ ਸਿੰਘ ਨੇ ਐੱਸਐੱਸਪੀ ਪਟਿਆਲਾ ਨੂੰ ਲਿਖਤੀ ਦਰਖਾਸਤ ਦੇ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਇਥੋਪੀਆ ਵਿਚ ਮੌਜੂਦ ਦੱਸੇ ਜਾ ਰਹੇ ਦੋਵੇਂ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾਵਾਂ ਦੀ ਮੁਲਾਕਾਤ ਕੁਲਦੀਪ ਸਿੰਘ ਨਾਲ ਇਕ ਸਮਾਗਮ ਦੌਰਾਨ ਹੋਈ ਸੀ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਕੁਲਦੀਪ ਸਿੰਘ ਨੇ ਆਪਣੇ ਆਪ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲਾ ਦੱਸਦਿਆਂ ਕੈਨੇਡਾ ਵਰਕ ਵੀਜ਼ੇ ’ਤੇ ਭੇਜਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਹਰਚੰਦ ਕੁਮਾਰ ਦੇ ਲੜਕੇ ਰੋਹਿਤ ਕੁਮਾਰ ਤੇ ਲਵਪ੍ਰੀਤ ਸਿੰਘ ਦੇ ਭਰਾ ਜਸਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਪ੍ਰਤੀ ਵਿਅਕਤੀ 20 ਲੱਖ ਰੁਪਏ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾਵਾਂ ਮੁਤਾਬਕ ਦੋਵਾਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੀ ਪ੍ਰਕਿਰਿਆ ਤਹਿਤ ਉਨ੍ਹਾਂ ਕੋਲੋਂ ਕੁੱਲ 40 ਲੱਖ ਰੁਪਏ ਲਏ ਗਏ, ਜਿਨ੍ਹਾਂ ਵਿੱਚ 34 ਲੱਖ ਰੁਪਏ ਖਾਤੇ ਵਿੱਚ ਅਤੇ 6 ਲੱਖ ਰੁਪਏ ਨਕਦ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਗਿਆ ਹੈ ਕਿ 24 ਸਤੰਬਰ ਨੂੰ ਦੋਵੇਂ ਨੌਜਵਾਨਾਂ ਨੂੰ ਚੰਡੀਗੜ੍ਹ ਤੋਂ ਜੈਪੁਰ ਤੇ ਫਿਰ ਇਥੋਪੀਆ ਭੇਜਿਆ ਗਿਆ। ਇਸ ਤੋਂ ਬਾਅਦ ਕਥਿਤ ਤੌਰ ’ਤੇ ਪਰਿਵਾਰਾਂ ਨੂੰ ਦੱਸਿਆ ਗਿਆ ਕਿ ਦੋਵੇਂ ਨੌਜਵਾਨ ਕੈਨੇਡਾ ਪਹੁੰਚ ਗਏ ਹਨ। ਸ਼ਿਕਾਇਤਕਰਤਾਵਾਂ ਅਨੁਸਾਰ ਉਨ੍ਹਾਂ ਦੀ ਵੀਡੀਓ ਕਾਲ ਰਾਹੀਂ ਗੱਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਬਾਅਦ ਵਿੱਚ ਪਰਿਵਾਰਾਂ ਨੂੰ ਸ਼ੱਕ ਹੋਇਆ ਕਿ ਨੌਜਵਾਨ ਕੈਨੇਡਾ ਨਹੀਂ ਪਹੁੰਚੇ। ਪਰਿਵਾਰਾਂ ਨੇ ਲਗਾਇਆ ਬੰਦੀ ਬਣਾਉਣ ਦਾ ਦੋਸ਼ ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਰੋਹਿਤ ਕੁਮਾਰ ਅਤੇ ਜਸਪ੍ਰੀਤ ਸਿੰਘ ਅਜੇ ਵੀ ਇਥੋਪੀਆ ਵਿਚ ਹਨ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਇਕ ਕਮਰੇ ਵਿਚ ਬੰਦ ਕੀਤਾ ਹੋਇਆ ਹੈ।