ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਿੱਜੀ ਹਿੱਤਾਂ ਨੂੰ ਭੁਲਾ ਕੇ ਇਕੱਠੀਆਂ ਹੋਣ : ਸ਼ਰਨਜੀਤ ਪਾਲ
ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਿੱਜੀ ਹਿੱਤਾਂ ਤੇ ਮਤਭੇਦ ਭੁਲਾ ਕੇ ਇਕੱਠੀਆਂ ਹੋਣ: ਸ਼ਰਨਜੀਤ ਪਾਲ
Publish Date: Sun, 29 Nov 2026 04:32 PM (IST)
Updated Date: Sun, 29 Nov 2026 04:34 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਗਰਮ ਆਗੂ ਸ਼ਰਨਜੀਤ ਪਾਲ (ਯੂਐੱਸਏ) ਨੇ ਕਿਹਾ ਕਿ ਮਾਨ ਸਾਬ ਵੱਲੋਂ ਬੀਤੇ ਦਿਨੀਂ ਪੰਥਕ ਸੋਚ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੁਨੇਹਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਗੱਲ ਦੀ ਵਕਾਲਤ ਕਰਦੇ ਆਏ ਹਨ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਇਕੱਠੇ ਹੋਣਾ ਚਾਹੀਦਾ ਹੈ। ਸ਼ਰਨਜੀਤ ਪਾਲ ਨੇ ਕਿਹਾ ਕਿ ਮੌਜੂਦਾ ਸਮਾਂ ਪੰਥਕ ਏਕਤਾ ਲਈ ਬੇਹੱਦ ਅਹਿਮ ਹੈ ਜੇਕਰ ਹੁਣ ਵੀ ਸਾਰੀਆਂ ਧਿਰਾਂ ਨੇ ਇਕੱਠੇ ਹੋਣ ਦਾ ਮੌਕਾ ਗੁਆ ਦਿੱਤਾ ਤਾਂ ਭਵਿੱਖ ’ਚ ਅਜਿਹਾ ਮੌਕਾ ਮਿਲਣਾ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਮਿਸਲ ਸਤਲੁਜ ਤੇ ਪੁਨਰ ਸੁਰਜੀਤੀ ਸਮੇਤ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਸ ਸਾਂਝੀ ਪਹਿਲ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਹੁਣ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਦਿੱਤੇ ਜਾ ਰਹੇ ਏਕਤਾ ਦੇ ਸੁਨੇਹੇ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਮਾਨ ਸਾਬ ਵੱਲੋਂ ਬਿਨਾਂ ਕਿਸੇ ਸ਼ਰਤ ਦੇ ਕੀਤੀ ਪਹਿਲਕਦਮੀ ਦਾ ਸਵਾਗਤ ਕਰਨਾ ਚਾਹੀਦਾ ਹੈ। ਅੰਤ ਵਿਚ ਉਨ੍ਹਾਂ ਸਮੂਹ ਪੰਥਕ ਆਗੂਆਂ ਅਤੇ ਜਥੇਬੰਦੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ ਇਕਜੁੱਟ ਹੋ ਕੇ ਸਿਧਾਂਤਕ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।