ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Mon, 13 Jul 2026 05:45 PM (IST)
Updated Date: Tue, 14 Jul 2026 04:04 AM (IST)
ਤੇਲ ਅਤੇ ਰਸੋਈ ਗੈਸ ਦੇ ਰੇਟਾਂ ’ਚ ਕੀਤਾ ਵਾਧਾ ਸਰਕਾਰ ਵਾਪਸ ਲਵੇ : ਚਮਕੌਰ ਖੇੜੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਤੇ ਪ੍ਰਧਾਨ ਜੋਗਿੰਦਰ ਸਿੰਘ ਬੱਧਣ ਦੀ ਅਗਵਾਈ ’ਚ ਤਹਿਸੀਲ ਦਫ਼ਤਰ ’ਚ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਤੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਜੋ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਕੇਂਦਰ ਸਰਕਾਰ ਨੇ ਲਾਗੂ ਕੀਤਾ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਮਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ, ਤਜਵੀਜਿਤ ਬਿਜਲੀ ਬਿੱਲ 2025 ਐਕਟ ਬਿੱਲ ਵਾਪਸ ਲਿਆ ਜਾਵੇ, ਤਜਵੀਜਤ ਬੀਜ ਸੋਧ ਬਿਲ ਵਾਪਸ ਲੈਣਾ, ਮੁਕਤ ਵਪਾਰ ਸੰਧੀ ਰੱਦ ਕਰਨ ਸਬੰਧੀ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ। ਕਾਮਰੇਡ ਜੋਗਿੰਦਰ ਬੱਧਣ ਅਤੇ ਜੀਤ ਸਿੰਘ ਘਰਾਚੋ ਨੇ ਕਿਹਾ ਕਿ ਕੱਚੇ ਮਕਾਨਾਂ ਵਾਲੇ ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਸਹਾਇਤਾ ਦਿੱਤੀ ਜਾਵੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜੇ ਮਾਫ ਕੀਤੇ ਜਾਣ ,ਆਜ਼ਾਦੀ ਤੋਂ ਬਾਅਦ ਜਿਨ੍ਹਾਂ ਆਬਾਦਕਾਰਾਂ ਨੇ ਜਮੀਨਾਂ ਆਬਾਦ ਕੀਤੀਆਂ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ। ਕਿਸਾਨ ਆਗੂ ਕਾਮਰੇਡ ਹਰਬੰਸ ਸਿੰਘ ਨਮੋਲ, ਭਰਪੂਰ ਸਿੰਘ ਦੁੱਗਾਂ ਨੇ ਕਿਹਾ ਕਿ ਬਾਰਡਰ ਦੇ ਪਾਰ ਜਮੀਨਾਂ ਦਾ 30 ਹਜਾਰ ਰੁਪਏ ਕੇਂਦਰ ਸਰਕਾਰ ਮੁਆਵਜਾ ਦੇਵੇ, ਤਾਰ ਤੋਂ ਪਾਰ ਦੀਆਂ ਜਮੀਨਾਂ ਵਿੱਚ ਕਿਸਾਨੀ ਦੇ ਕੰਮ ਦੇ ਘੰਟੇ ਵਧਾਏ ਜਾਣ, ਜਦੋਂ ਕਿ ਡੀਜ਼ਲ ਤੇ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਚੁੱਕੀਆਂ ਹਨ ਪਰ ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਵਾਸਤੇ ਪੈਟਰੋਲ ਤੇ ਰਸੋਈ ਗੈਸ ਦੇ ਰੇਟਾਂ ਚ ਕੀਤਾ ਵਾਧਾ ਸਰਕਾਰ ਵਾਪਸ ਲਵੇ। ਯੂਰੀਆ ਤੇ ਡੀਏਪੀ ਖਾਦ ਨਾਲ ਹੋਰ ਸਮੱਗਰੀ ਦੇਣ ਦੇ ਨਾਮ ਤੇ ਲੁੱਟ ਬੰਦ ਕੀਤੀ ਜਾਵੇ। ਹੜਾਂ ਤੋਂ ਬਚਾਅ ਲਈ ਦਰਿਆਵਾਂ ਦੇ ਸਾਰੇ ਧੁੱਸੀ ਬੰਨ੍ਹਾ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਕਾਮਰੇਡ ਜੀਤ ਸਿੰਘ ਘਰਾਚੋ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਕਾਮਰੇਡ ਜੋਗਾ ਸਿੰਘ ਉੱਪਲੀ, ਸੀਟੂ ਆਗੂ ਸ਼ਿੰਗਾਰਾ ਸਿੰਘ ਬਲਿਆਲ,ਰਣਜੀਤ ਸਿੰਘ, ਸ਼ੇਰਾ ਸਿੰਘ ਤਹਿਸੀਲ ਸਕੱਤਰ ਸੰਗਰੂਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ , ਇੰਦਰਜੀਤ ਸਿੰਘ ਛੰਨਾ, ਬੱਲਭ ਸਿੰਘ ਉੱਪਲੀ, ਭਜਨ ਸਿੰਘ ਮੰਗਵਾਲ, ਸਿਕੰਦਰ ਸਿੰਘ ਉੱਪਲੀ, ਗੁਰਮੇਲ ਸਿੰਘ ਉੱਪਲੀ, ਅਜੈਬ ਸਿੰਘ ਹਾਜ਼ਰ ਸਨ।