- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਸ਼ੀਨ ’ਚ ਹੱਥ ਆਉਣ ਕਾਰਨ ਫੈਕਟਰੀ ’ਚ ਕੰਮ ਕਰਦੇ ਨਬਾਲਿਗ ਦੇ ਦੋਵੇਂ ਹੱਥਾਂ ਦੀਆਂ ਸਾਰੀਆਂ ਉਂਗਲੀਆਂ ਕੱਟੀਆਂ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਦੀ ਇਕ ਪੱਲੀਆਂ ਨੂੰ ਪਿਘਲਾ ਕੇ ਦਾਣਾ ਬਨਾਉਣ ਵਾਲੀ ਫੈਕਟਰੀ ’ਚ 14 ਸਾਲਾਂ ਨਾਬਾਲਿਗ ਦੇ ਦੋਵੇਂ ਹੱਥਾਂ ਦੀਆਂ ਸਾਰੀਆਂ ਉਂਗਲਾਂ ਕੱਟ ਗਈਆਂ ਜਿਸ ਨੂੰ ਇਲਾਜ ਲਈ ਸਮਾਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ 22 ਅਕਤੂਬਰ ਦਾ ਹੈ ਪ੍ਰੰਤੂ ਹਾਲੇ ਤੱਕ ਨਾ ਤਾਂ ਪੁਲਿਸ ਵੱਲੋਂ ਇਸ ਪਾਸੇ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਚਾਈਲਡ ਲੇਬਰ ਵਿਭਾਗ ਵੱਲੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਫੈਕਟਰੀ ਵਿਚ ਨਬਾਲਿਗ ਦੀ 16 ਸਾਲਾਂ ਨਬਾਲਿਗ ਭੈਣ ਤੋਂ ਇਲਾਵਾ ਉਸਦੇ ਮਾਪੇ ਦੀ ਵਿਚ ਕੰਮ ਕਰਦੇ ਹਨ। ਜਦਕਿ ਫੈਕਟਰੀ ਬਿਨ੍ਹਾਂ ਕਿਸੇ ਲਾਇਸੈਂਸ ਤੋਂ ਇਕ ਪੋਲਟਰੀ ਫਾਰਮ ਵਿਚ ਚਲ ਰਹੀ ਹੈ। ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸੁਮਿਤ ਕੁਮਾਰ 14 ਦੀ ਮਾਤਾ ਰੇਸ਼ਮ ਕੁਮਾਰੀ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਧੀ ਨਾਲ ਬੰਮਨਾ ਰੋਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਿੱਛੇ ਇੱਕ ਪੋਲਟਰੀ ਫਾਰਮ ਦੇ ਵਿਚ ਬਣੀ ਇਕ ਫੈਕਟਰੀ ਵਿਚ ਕੰਮ ਕਰਦੇ ਹਨ। ਜਦੋਂਕਿ ਸੁਮਿਤ ਜਿਆਦਾ ਛੋਟਾ ਹੋਣ ਕਾਰਨ ਅਸੀਂ ਉਸ ਨੂੰ ਕੰਮ ’ਤੇ ਨਹੀਂ ਲਗਾਇਆ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਅਰਵਿੰਦ ਕੁਮਾਰ ਉਨ੍ਹਾਂ ਤੇ ਹੋਰ ਕੰਮ ਦਾ ਦਬਾਅ ਬਣਾ ਕੇ ਸੁਮਿਤ ਨੂੰ ਵੀ ਕੰਮ ਵਿਚ ਲਗਾਉਣ ਲਈ ਕਹਿੰਦਾ ਸੀ ਜਦਕਿ ਅਸੀਂ ਉਸ ਨੂੰ ਸੁਮਿਤ ਦੇ ਕੰਮ ਕਰਨ ਤੋਂ ਮਨਾ ਕਰਦੇ ਸਨ, ਜਿਸ ਕਾਰਨ ਉਹ ਸਾਡੇ ਨਾਲ ਗਾਲੀ ਗਲੋਚ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮਾਲਕ ਨੇ ਉਨ੍ਹਾਂ ਤੇ ਦਬਾਅ ਪਾ ਕੇ ਸੁਮੀਤ ਨੂੰ ਕੰਮ ’ਤੇ ਲਗਵਾ ਦਿੱਤਾ। 22 ਅਗਸਤ ਨੂੰ ਮਸ਼ੀਨ ਵਿਚ ਕੱਚਾ ਮਾਲ ਪਾਉਂਦੇ ਸਮੇਂ ਸੁਮਿਤ ਦੇ ਦੇਵੇਂ ਹੱਥ ਮਸ਼ੀਨ ਵਿਚ ਆ ਗਏ ਜਿਸ ਕਾਰਨ ਉਸਦੇ ਦੋਵੇਂ ਹੱਥਾਂ ਦੀਆਂ ਸਾਰੀਆਂ ਉਂਗਲੀਆਂ ਕੱਟੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਲੜਕੇ ਨੂੰ ਜ਼਼ਖ਼ਮੀ ਹਾਲਤ ਵਿਚ ਸਮਾਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹਾਲੇ ਤੱਕ ਉਨ੍ਹਾਂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਤੇ ਨਾ ਹੀ ਚਾਈਲਡ ਲੇਬਰ ਵਿਭਾਗ ਦਾ ਕੋਈ ਅਧਿਕਾਰੀ ਆਇਆ ਹੈ। ਜਦੋਂਕਿ ਫੈਕਟਰੀ ਮਾਲਕ ਵੱਲੋਂ ਲਗਾਤਾਰ ਉਨ੍ਹਾਂ ਤੇ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਫੈਕਟਰੀ ਮਾਲਕ ਅਰਵਿੰਦ ਕੁਮਾਰ ਨੇ ਦੱਸਿਆ ਕਿ ਸੁਮੀਤ ਫੈਕਟਰੀ ਵਿਚ ਕੰਮ ਨਹੀਂ ਕਰਦਾ ਸੀ ਉਹ ਸਿਰਫ਼ ਉੱਥੇ ਰਹਿੰਦਾ ਸੀ। ਖੇਡਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਉਸ ਨੂੰ ਘਟਨਾ ਸਬੰਧੀ ਪਤਾ ਲਗਣ ’ਤੇ ਉਸਨੇ ਤੁਰੰਤ ਬੱਚੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਉਸਨੇ ਕਿਸੇ ਤਰ੍ਹਾਂ ਦੇ ਦਬਾਅ ਤੋਂ ਸਾਫ਼ ਇਨਕਾਰ ਕੀਤਾ। ਇਸ ਬਾਰੇ ਸਿਟੀ ਪੁਲਿਸ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ, ਪ੍ਰੰਤੂ ਹੁਣ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਤਾਂ ਉਹ ਤੁਰੰਤ ਇਸ ਵਿਚ ਬਣਦੀ ਕਾਰਵਾਈ ਕਰਨਗੇ।