- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਣਾ ’ਚ ਅਕਾਲੀ ਭਾਜਪਾ ਨੇ ਗਠਜੋੜ ਦਿਖਾਉਣ ਲਈ ਕੀਤੀ ਸਾਂਝੀ ਪ੍ਰੈਸ ਕਾਨਫਰੰਸ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ’ਚ ਅਕਾਲੀ ਦਲ ਤੇ ਭਾਜਪਾ ਦੇ ਵਰਕਰਾਂ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸੂਬਾ ਪੱਧਰ ’ਤੇ ਹੋਏ ਗਠਜੋੜ ਦੀ ਮਜ਼ਬੂਤੀ ਦਾ ਸੁਨੇਹਾ ਦੇਣ ਲਈ ਦੋਵਾਂ ਪਾਰਟੀਆਂ ਦੇ ਆਗੂ ਤਾਂ ਇੱਕੋ ਮੰਚ ’ਤੇ ਇਕੱਠੇ ਹੋਏ, ਪਰ ਝੰਡੇ ਆਪਣੇ—ਆਪਣੇ ਰਹੇ ਤੇ ਨਾਅਰੇ ਵੀ ਆਪੋ—ਆਪਣੀ ਪਾਰਟੀ ਦੇ ਹੀ ਗੂੰਜਦੇ ਰਹੇ। ਅਜਿਹੇ ਵਿਚ ਸਵਾਲ ਉੱਠਣਾ ਸੁਭਾਵਿਕ ਸੀ ਕਿ ਗਠਜੋੜ ਤਾਂ ਹੋ ਗਿਆ ਪਰ ਕੀ ਸਿਆਸੀ ਸੋਚ ਵੀ ਇਕ ਹੋ ਗਈ ਹੈ। ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਅਤੇ ਭਾਜਪਾ ਵੱਲੋਂ ਸੁਰਿੰਦਰ ਸਿੰਘ ਖੇੜਕੀ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਸਮਾਣਾ ਹਲਕੇ ਤੋਂ ਗਠਜੋੜ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗਾ, ਦੋਵੇਂ ਪਾਰਟੀਆਂ ਦੇ ਵਰਕਰ ਉਸ ਦੀ ਹਮਾਇਤ ਕਰਨਗੇ। ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਅਕਾਲੀ—ਭਾਜਪਾ ਗਠਜੋੜ ਪੰਜਾਬ ਦੇ ਲੋਕਾਂ ਦੀ ਆਵਾਜ਼ ਰਿਹਾ ਹੈ ਅਤੇ ਇਹ ਕੋਈ ਮੌਕਾਪ੍ਰਸਤੀ ਵਾਲਾ ਸਮਝੌਤਾ ਨਹੀਂ, ਸਗੋਂ ਕੁਦਰਤੀ ਗਠਜੋੜ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਹੀ ਪੰਜਾਬ ਨੂੰ ਬਚਾ ਸਕਦਾ ਹੈ। ਇਸ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਜੌੜਾਮਾਜਰਾ ਨੂੰ ਹਲਕੇ ’ਚ ਭਾਜਪਾ ਦੀ ਟਿਕਟ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਗਠਜੋੜ ਦੀ ਏਕਤਾ ਦਿਖਾਉਣ ਲਈ ਰੱਖੇ ਇਸ ਸਮਾਗਮ ’ਚ ਉਨ੍ਹਾਂ ਦੀ ਸ਼ਮੂਲੀਅਤ ਨਾ ਹੋਣ ਕਾਰਨ ਕਈ ਸਿਆਸੀ ਸਵਾਲ ਖੜ੍ਹੇ ਹੋ ਗਏ। ਇਸ ਮੌਕੇ ਮਾਸਟਰ ਮੋਹਨ ਲਾਲ ਸ਼ਰਮਾ, ਨੀਰਜ ਗੁਪਤਾ,ਕੁਲਦੀਪ ਸਿੰਘ ਨੱਸੂਪੁਰ, ਨਿਸ਼ਾਨ ਸੰਧੂ,ਵਿਨੋਦ ਸਿੰਗਲਾ, ਸੰਜੀਵ ਕੌਸ਼ਿਕ, ਕੁਲਦੀਪ ਵਿਰਕ, ਪੱਪੀ ਦਿਆਲ ਗੜੀਆ, ਗੋਪਾਲ ਸ਼ਰਮਾ, ਸੰਜੀਵ ਗਰਗ ਸਮੇਤ ਦੋਵਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।