ਏਡਿਡ ਕਾਲਜ ਅਧਿਆਪਕਾਂ ਵੱਲੋਂ ਰੋਸ ਧਰਨਾ ਏਡਿਡ ਕਾਲਜ ਅਧਿਆਪਕਾਂ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਦਿੱਤਾ
Publish Date: Tue, 17 Nov 2026 05:13 PM (IST)
Updated Date: Tue, 17 Nov 2026 05:15 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਸੱਦੇ ਤੇ ਪੰਜਾਬ ਭਰ ਦੇ ਏਡਿਡ ਅਤੇ ਅਣ ਏਡਿਡ ਕਾਲਜਾਂ ’ਚ ਚੱਲ ਰਹੇ ਸੂਬਾ ਵਿਆਪੀ ਸੰਘਰਸ਼ ਤਹਿਤ ਖਾਲਸਾ ਕਾਲਜ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਪਟਿਆਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਏਡਿਡ ਕਾਲਜ ਅਧਿਆਪਕਾਂ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਦੋਵਾਂ ਜ਼ਿਲ੍ਹਿਆਂ ਨਾਲ ਸਬੰਧਤ ਵੱਖ-ਵੱਖ ਏਡਿਡ ਕਾਲਜਾਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਅਧਿਆਪਕਾਂ ਨੇ ਇਕਜੁੱਟਤਾ ਦਾ ਸਬੂਤ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਧਾਨ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਏਡਿਡ ਕਾਲਜਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ 1,925 ਮਨਜ਼ੂਰਸ਼ੁਦਾ ਪੋਸਟਾਂ ਲਈ ਤਨਖਾਹ ਗ੍ਰਾਂਟ-ਇਨ-ਏਡ ਨੂੰ 75 ਫੀਸਦੀ ਤੋਂ ਵਧਾ ਕੇ ਪਹਿਲਾਂ ਵਾਂਗ 95 ਫੀਸਦੀ ਬਹਾਲ ਕੀਤਾ ਜਾਵੇ। ਇਸਦੇ ਨਾਲ ਹੀ ਕਾਲਜਾਂ ਵਿੱਚ ਚੱਲ ਰਹੀਆਂ ਅਨਏਡਿਡ/ਸੈਲਫ-ਫਾਇਨਾਂਸਡ ਪੋਸਟਾਂ ਨੂੰ ਗ੍ਰਾਂਟ-ਇਨ-ਏਡ ਅਧੀਨ ਏਡਿਡ ਪੋਸਟਾਂ ’ਚ ਤਬਦੀਲ (ਕਵਰ) ਕਰਨ ਦੀ ਵੀ ਵਿਸ਼ੇਸ਼ ਮੰਗ ਰੱਖੀ ਗਈ ਤਾਂ ਜੋ ਅਧਿਆਪਕਾਂ ਦੇ ਭਵਿੱਖ ਅਤੇ ਸੇਵਾ ਸ਼ਰਤਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇਸ ਮੌਕੇ ਯੂਨੀਅਨ ਦੇ ਖੇਤਰੀ ਸੈਕਟਰੀ ਡਾ. ਭਾਟੀਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ, ਉੱਚ ਸਿੱਖਿਆ ਅਤੇ ਅਧਿਆਪਕਾਂ ਦੇ ਭਵਿੱਖ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗ੍ਰਾਂਟ-ਇਨ-ਏਡ 95 ਫੀਸਦੀ ਬਹਾਲ ਕਰਨ, 7ਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨ ਅਤੇ ਹੋਰ ਲਟਕਦੀਆਂ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਪੂਰੇ ਸੂਬੇ ਦੇ ਅਧਿਆਪਕ ਇੱਕਜੁੱਟ ਹੋ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਬੁਲਾਰਿਆਂ ਨੇ ਅੱਗੇ ਦੱਸਿਆ ਕਿ 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਸੀ.ਏ.ਐਸ. ਪ੍ਰਮੋਸ਼ਨਾਂ ਦੇ ਲਟਕਦੇ ਮਾਮਲੇ ਨਿਪਟਾਏ ਜਾਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ ਅਤੇ ਗ੍ਰੈਚੂਇਟੀ ਦੇ ਲਾਭ ਯਕੀਨੀ ਬਣਾਏ ਜਾਣ। ਇਸ ਮੌਕੇ ਖ਼ਾਲਸਾ ਕਾਲਜ ਪਟਿਆਲਾ ਦੀ ਟੀਚਿੰਗ ਯੂਨੀਅਨ ਦੇ ਪ੍ਰਧਾਨ ਡਾ. ਗੁਰਸਰਨ ਸਿੰਘ ਗਿੱਲ, ਸੈਕਟਰੀ ਡਾ. ਦਵਿੰਦਰ ਸਿੰਘ ਅਤੇ ਖ਼ਜ਼ਾਨਚੀ ਡਾ. ਭਰਤ ਗੋਇਲ ਵੱਲੋਂ ਸਾਂਝੇ ਤੌਰ ਤੇ ਵੱਖ-ਵੱਖ ਕਾਲਜਾਂ ਤੋਂ ਖ਼ਾਲਸਾ ਕਾਲਜ ਪਟਿਆਲਾ ਵਿਖੇ ਪਹੁੰਚੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।