ਝੋਨੇ ਦੀ ਖਰੀਦ ਲਈ ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ ਝੋਨੇ ਦੀ ਖਰੀਦ ਲਈ ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
Publish Date: Tue, 08 Sep 2026 04:19 PM (IST)
Updated Date: Tue, 08 Sep 2026 04:22 PM (IST)
ਫੋਟੋ 8ਪੀਟੀਐਲ: 1: ਐਚਐਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਝੋਨੇ ਦੀ ਫਸਲ ਦਾ ਖਰੀਦ ਸੀਜ਼ਨ ਨੇੜੇ ਆਉਂਦਿਆਂ ਹੀ ਆੜ੍ਹਤੀਆ ਐਸੋਸੀਏਸ਼ਨ ਅਤੇ ਸਬੰਧਤ ਵਿਭਾਗਾਂ ਵੱਲੋਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਨੁਮਾਇੰਦਾ ਮੰਡਲ ਨੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਤੇ ਚੇਅਰਮੈਨ ਪਵਨ ਸਿੰਗਲਾ ਦੀ ਸਾਂਝੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਟਿਆਲਾ ਨਾਲ ਮੀਟਿੰਗ ਕੀਤੀ। ਇਸ ਮੌਕੇ ਆਗਾਮੀ ਝੋਨੇ ਦੇ ਖਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਵਿਚਾਰ-ਵਟਾਂਦਰਾ ਕਰਕੇ ਮੰਗ ਪੱਤਰ ਸੌਂਪਿਆ ਗਿਆ। ਆੜ੍ਹਤੀਆ ਆਗੂਆਂ ਨੇ ਮੰਗ ਕੀਤੀ ਕਿ ਮੰਡੀ ਯਾਰਡਾਂ ਅਤੇ ਜ਼ਿਲ੍ਹੇ ਦੇ ਸ਼ੈਲਰਾਂ ਵਿੱਚ ਪਹਿਲਾਂ ਤੋਂ ਸਟੋਰ ਕਣਕ ਦੀ ਤੁਰੰਤ ਮੂਵਮੈਂਟ ਕਰਵਾਈ ਜਾਵੇ, ਤਾਂ ਜੋ ਨਵੀਂ ਫਸਲ ਲਈ ਲੋੜੀਂਦੀ ਜਗ੍ਹਾ ਉਪਲਬਧ ਹੋ ਸਕੇ। ਇਸ ਤੋਂ ਇਲਾਵਾ ਮੁੱਖ ਮੰਡੀਆਂ ਵਿੱਚ ਭਾਰੀ ਆਮਦ ਦੇ ਮੱਦੇਨਜ਼ਰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਬ-ਯਾਰਡਾਂ ਅਤੇ ਪ੍ਰਾਈਵੇਟ ਯਾਰਡਾਂ ਦੀ ਅਲਾਟਮੈਂਟ ਮੁਕੰਮਲ ਕਰਨ, ਲੋੜ ਅਨੁਸਾਰ ਬਾਰਦਾਨੇ ਦੀ ਅਗਾਊਂ ਸਪਲਾਈ ਯਕੀਨੀ ਬਣਾਉਣ ਅਤੇ ਖਰੀਦੇ ਝੋਨੇ ਦੀ 72 ਘੰਟਿਆਂ ਅੰਦਰ ਲਿਫਟਿੰਗ ਦਾ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ‘ਅਨਾਜ ਖਰੀਦ ਪੋਰਟਲ’ ਅਤੇ ‘ਈ-ਮੰਡੀਕਰਨ’ ਪੋਰਟਲ ਦੀਆਂ ਤਕਨੀਕੀ ਟੀਮਾਂ ਨੂੰ ਪੂਰੇ ਸੀਜ਼ਨ ਦੌਰਾਨ ਅਲਰਟ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਦਾ ਹੈ ਤਾਂ ਐਸੋਸੀਏਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਜਲਦ ਹੀ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮੰਡੀ ਅਫ਼ਸਰ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਾਲ ਸਾਂਝੀ ਮੀਟਿੰਗ ਵੀ ਕੀਤੀ ਜਾਵੇਗੀ।