
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

26 ਸਾਲ ਬਾਅਦ ਭੈਣ ਨੇ ਫੌਜੀ ਵੀਰ ਕੈਪਟਨ ਬਲਕਾਰ ਸਿੰਘ ਦੀ ਗੁੱਟ 'ਤੇ ਬੰਨ੍ਹੀ ਰੱਖੜੀ

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ, ਪਰ ਬਲਾਕ ਸਨੌਰ ਅਧੀਨ ਇੱਕ ਪਿੰਡ ਵਿਚ ਇਸ ਵਾਰ ਇਹ ਤਿਉਹਾਰ ਇਕ ਭਾਵੁਕ ਯਾਦ ਬਣ ਗਿਆ। ਇੱਥੇ 26 ਸਾਲਾਂ ਦੇ ਲੰਬੇ ਵਿਛੋੜੇ ਤੋਂ ਬਾਅਦ ਇਕ ਭੈਣ ਨੇ ਆਪਣੇ ਫੌਜੀ ਵੀਰ ਕੈਪਟਨ ਬਲਕਾਰ ਸਿੰਘ ਦੀ ਗੁੱਟ ’ਤੇ ਰੱਖੜੀ ਬੰਨ੍ਹ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਕੈਪਟਨ ਬਲਕਾਰ ਸਿੰਘ ਨੇ ਆਪਣੀ ਜਵਾਨੀ ਦਾ ਵੱਡਾ ਹਿੱਸਾ ਭਾਰਤੀ ਫੌਜ ਵਿੱਚ ਦੇਸ਼ ਦੀ ਸੇਵਾ ਕਰਦਿਆਂ ਬਿਤਾਇਆ। ਸਰਹੱਦਾਂ ’ਤੇ ਬਰਫੀਲੀਆਂ ਹਵਾਵਾਂ ਤੋਂ ਲੈ ਕੇ ਮਾਰੂਥਲ ਦੀ ਤਪਦੀ ਗਰਮੀ ਤੱਕ ਉਨ੍ਹਾਂ ਨੇ ਹਰ ਮੁਸ਼ਕਲ ਹਾਲਾਤ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਫੌਜੀ ਸੇਵਾ ਦੌਰਾਨ ਉਨ੍ਹਾਂ ਦੀ ਇਮਾਨਦਾਰੀ, ਅਨੁਸ਼ਾਸਨ ਅਤੇ ਫਰਜ਼ ਪ੍ਰਤੀ ਸਮਰਪਣ ਦੀ ਮਿਸਾਲ ਦਿੱਤੀ ਜਾਂਦੀ ਰਹੀ। ਫੌਜੀ ਵਰਦੀ ਉਤਾਰਨ ਤੋਂ ਬਾਅਦ ਵੀ ਉਨ੍ਹਾਂ ਦਾ ਅਨੁਸ਼ਾਸਨ ਤੇ ਰੂਹਾਨੀ ਜੀਵਨ ਜਾਰੀ ਹੈ। ਇਲਾਕਾ ਵਾਸੀਆਂ ਅਨੁਸਾਰ ਕੈਪਟਨ ਬਲਕਾਰ ਸਿੰਘ ਰੋਜ਼ਾਨਾ ਤੜਕੇ ਕਰੀਬ 2 ਵਜੇ ਉੱਠ ਕੇ ਇਸ਼ਨਾਨ ਕਰਨ ਉਪਰੰਤ ਵਾਹਿਗੁਰੂ ਦਾ ਨਾਮ ਜਪਦੇ ਹਨ। ਉਹ ਆਪਣੀਆਂ ਅਰਦਾਸਾਂ ਵਿੱਚ ਸਰਬੱਤ ਦੇ ਭਲੇ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਸੁੱਖ-ਸ਼ਾਂਤੀ ਤੇ ਤਰੱਕੀ ਲਈ ਕਾਮਨਾ ਕਰਦੇ ਹਨ। 26 ਸਾਲ ਪਹਿਲਾਂ ਪਰਿਵਾਰਕ ਕਾਰਨਾਂ ਅਤੇ ਹਾਲਾਤਾਂ ਕਾਰਨ ਭੈਣ-ਭਰਾ ਇਕ-ਦੂਜੇ ਤੋਂ ਵਿਛੜ ਗਏ ਸਨ। ਹਰ ਰੱਖੜੀ ਮੌਕੇ ਭੈਣ ਆਪਣੇ ਵੀਰ ਨੂੰ ਯਾਦ ਕਰਦੀ ਰਹੀ, ਜਦਕਿ ਵੀਰ ਵੀ ਆਪਣੀ ਭੈਣ ਦੀ ਸਲਾਮਤੀ ਲਈ ਅਰਦਾਸ ਕਰਦਾ ਰਿਹਾ। ਅੱਜ ਜਦੋਂ ਭੈਣ ਆਪਣੇ ਵੀਰ ਦੇ ਘਰ ਪਹੁੰਚੀ ਤਾਂ ਮਾਹੌਲ ਭਾਵੁਕ ਹੋ ਗਿਆ। ਉਸ ਨੇ ਥਾਲੀ ਸਜਾ ਕੇ ਦੀਵਾ ਜਗਾਇਆ, ਵੀਰ ਦੇ ਮੱਥੇ ’ਤੇ ਟਿੱਕਾ ਲਗਾਇਆ ਤੇ ਪਿਆਰ ਨਾਲ ਉਸ ਦੀ ਗੁੱਟ ’ਤੇ ਰੱਖੜੀ ਬੰਨ੍ਹੀ। 26 ਸਾਲਾਂ ਦੀ ਉਡੀਕ ਦੇ ਇਸ ਪਲ ਦੌਰਾਨ ਦੋਵੇਂ ਭੈਣ-ਭਰਾ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਕੈਪਟਨ ਬਲਕਾਰ ਸਿੰਘ ਨੇ ਆਪਣੀ ਭੈਣ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣਾ ਫਰਜ਼ ਨਿਭਾਇਆ, ਉਸੇ ਤਰ੍ਹਾਂ ਉਹ ਹਮੇਸ਼ਾ ਆਪਣੀ ਭੈਣ ਦੇ ਦੁੱਖ-ਸੁੱਖ ਵਿੱਚ ਉਸ ਦੇ ਨਾਲ ਖੜ੍ਹੇ ਰਹਿਣਗੇ। ਇਲਾਕਾ ਵਾਸੀਆਂ ਨੇ ਇਸ ਮਿਲਾਪ ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦੀ ਮਿਸਾਲ ਦੱਸਿਆ।